ਕਾਲੇ ਪਾਣੀ ਦਾ ਮੋਰਚਾ ਵੱਲੋ ਬੁੱਢੇ ਦਰਿਆ ਮੁੱਦੇ ਤੇ ਕੀਤੀ ਕਾਨਫਰੰਸ
ਸੁਖਮਿੰਦਰ ਭੰਗੂ
ਲੁਧਿਆਣਾ 16 ਜੁਲਾਈ 2025 - ਕਾਲੇ ਪਾਣੀ ਦਾ ਮੋਰਚਾ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਕਾਰੀ ਹਲਕਿਆਂ ਵਿੱਚ ਬੁੱਢਾ ਦਰਿਆ ਮੁੱਦੇ 'ਤੇ ਹਾਲ ਹੀ ਵਿੱਚ ਵਧੀ ਹੋਈ ਗਤੀਵਿਧੀ ਬਾਰੇ ਗੱਲ ਬਾਤ ਕੀਤੀ।
ਮੋਰਚੇ ਵੱਲੋਂ ਜਸਕੀਰਤ ਸਿੰਘ ਨੇ ਕਿਹਾ, "ਅਸੀਂ ਡਾਇੰਗ ਉਦਯੋਗ ਦੇ ਤਿੰਨੇ ਸੀਈਟੀਪੀ ਵਿਰੁੱਧ ਅਦਾਲਤ ਦੀ ਅਵਮਾਨਣਾ ਪਟੀਸ਼ਨਾਂ ਦਾਇਰ ਕੀਤੀਆਂ ਹਨ ਕਿਓਂਕਿ ਸਰਕਾਰ ਵੱਲੋਂ ਅਤੇ ਉਦਯੋਗ ਵੱਲੋਂ ਮਿਲੀਭੁਗਤ ਕਰਕੇ ਐਨਜੀਟੀ ਦੇ ਪਹਿਲਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।"
ਮੋਰਚੇ ਦੇ ਲੱਖਾ ਸਿੰਘ ਸਿਧਾਣਾ ਨੇ ਕਿਹਾ, "ਮੁੱਖ ਮੰਤਰੀ ਵਿਧਾਨ ਸਭਾ ਵਿੱਚ ਪਵਨ ਗੁਰੂ ਪਾਣੀ ਪਿਤਾ ਬਾਰੇ ਗੱਲ ਕਰ ਰਹੇ ਹਨ ਪਰ ਇੱਕ ਉਦਯੋਗਪਤੀ ਨੂੰ ਉਦਯੋਗ ਮੰਤਰੀ ਨਿਯੁਕਤ ਕੀਤਾ ਹੈ ਜੋ ਕਿ ਸਿੱਧਾ ਸਿੱਧਾ ਹਿੱਤਾਂ ਦਾ ਟਕਰਾਅ ਹੈ ਅਤੇ ਵਾਤਾਵਰਣ ਦੇ ਵਿਰੁੱਧ ਹੈ।"
ਡਾ. ਅਮਨਦੀਪ ਸਿੰਘ ਬੈਂਸ ਨੇ ਕਿਹਾ, "ਬਾਬਾ ਸੀਚੇਵਾਲ ਸੰਗਤ ਨੂੰ ਬੁੱਢਾ ਦਰਿਆ ਸਾਫ਼ ਕਰਨ ਲਈ ਕਾਰ ਸੇਵਾ ਕਰਨ ਲਈ ਕਹਿ ਰਹੇ ਹਨ ਪਰ ਕਿਸੇ ਨਿਜੀ ਮੁਨਾਫ਼ੇ ਲਈ ਕੀਤੀ ਜਾ ਰਹੀ ਇਸ ਉਦਯੋਗਿਕ ਪ੍ਰਦੂਸ਼ਣ ਨੂੰ ਸਾਫ਼ ਕਰਨਾ ਕਾਰ ਸੇਵਾ ਨਹੀਂ ਹੈ ਜੋ ਕਿ ਇੱਕ ਬਹੁਤ ਹੀ ਪਵਿੱਤਰ ਸੰਕਲਪ ਹੈ। ਇਸ ਸੰਕਲਪ ਦੀ ਨਿੱਜੀ ਮੁਨਾਫ਼ੇ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।"
ਕਪਿਲ ਅਰੋੜਾ ਅਤੇ ਕੁਲਦੀਪ ਸਿੰਘ ਖਹਿਰਾ ਨੇ ਕਿਹਾ ਕਿ 22 ਜੁਲਾਈ 2025 ਨੂੰ ਬੁੱਢਾ ਦਰਿਆ ਦੇ ਮਾਮਲਿਆਂ ਦੀ ਹੋਣ ਵਾਲੀ ਸੁਣਵਾਈ ਬਹੁਤ ਅਹਿਮ ਹੋ ਸਕਦੀ ਹੈ ਅਤੇ ਉਹਨਾਂ ਨੂੰ ਸੀਈਟੀਪੀ ਖ਼ਿਲਾਫ਼ ਅਤੇ ਪੰਜਾਬ ਪਰੂਸ਼ਨ ਬੋਰਡ ਖ਼ਿਲਾਫ਼ ਪੁਖਤਾ ਕਾਰਵਾਈ ਹੋਣ ਦੀ ਉਮੀਦ ਹੈ।