ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ ਬ੍ਰਹਮਪੁਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ
- ਕੌਮੀ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ
ਤਰਨਤਾਰਨ,16 ਜੁਲਾਈ 2025 - ਦੁਨੀਆ ਭਰ ਵਿੱਚ ਵੱਸਦੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅਤੇ ਪੰਜਾਬ ਦੀ ਸ਼ਾਂਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ਦੇ ਮਾਮਲੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।ਉਨ੍ਹਾਂ ਨੇ ਇਸ ਮੁੱਦੇ ਨੂੰ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਦੱਸਦਿਆਂ,ਇਸਦੀ ਜਾਂਚ ਤੁਰੰਤ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦੀ ਜ਼ੋਰਦਾਰ ਮੰਗ ਕੀਤੀ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਬ੍ਰਹਮਪੁਰਾ ਨੇ ਇੱਕ ਸ਼ਰਧਾਵਾਨ ਸਿੱਖ ਵਜੋਂ ਆਪਣੇ ਦਰਦ ਨੂੰ ਬਿਆਨ ਕਰਦਿਆਂ ਕਿਹਾ,ਮੈਂ ਇਹ ਪੱਤਰ ਭਰੇ ਮਨ ਨਾਲ ਲਿਖ ਰਿਹਾ ਹਾਂ,ਕਿਉਂਕਿ ਇਹ ਧਮਕੀਆਂ ਸਿਰਫ਼ ਇੱਕ ਧਾਰਮਿਕ ਅਸਥਾਨ ਨੂੰ ਨਹੀਂ,ਸਗੋਂ ਮਨੁੱਖਤਾ ਦੇ ਅਧਿਆਤਮਕ ਕੇਂਦਰ ਅਤੇ ਦੇਸ਼ ਦੀ ਭਾਈਚਾਰਕ ਸਾਂਝ ਦੀ ਆਤਮਾ 'ਤੇ ਸਿੱਧਾ ਹਮਲਾ ਹਨ।ਉਨ੍ਹਾਂ ਲਿਖਿਆ ਕਿ ਜਿਸ ਤਰੀਕੇ ਨਾਲ ਫਰਜ਼ੀ ਈਮੇਲਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,ਉਸ ਤੋਂ ਸਪੱਸ਼ਟ ਹੈ ਕਿ ਇਸ ਪਿੱਛੇ ਇੱਕ ਬਹੁਤ ਹੀ ਸੰਗਠਿਤ ਅਤੇ ਡੂੰਘੀ ਸਾਜ਼ਿਸ਼ ਹੈ,ਜਿਸਦੇ ਤਾਰ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਜੁੜੇ ਹੋ ਸਕਦੇ ਹਨ।ਉਨ੍ਹਾਂ ਕਿਹਾ, ਇਹ ਮਾਮਲਾ ਸਪੱਸ਼ਟ ਤੌਰ 'ਤੇ ਕਿਸੇ ਇਕੱਲੇ ਸੂਬੇ ਦੇ ਅਧਿਕਾਰ ਖੇਤਰ ਤੋਂ ਕਿਤੇ ਵੱਡਾ ਹੈ ਅਤੇ ਇਸ ਲਈ ਭਾਰਤ ਸਰਕਾਰ ਦੇ ਤੁਰੰਤ ਅਤੇ ਫੈਸਲਾਕੁੰਨ ਦਖਲ ਦੀ ਲੋੜ ਹੈ।ਆਪਣੇ ਪੱਤਰ ਵਿੱਚ, ਸ.ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਇਸ ਗੰਭੀਰ ਮਸਲੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਇੱਕੋ ਸਮੇਂ ਕਈ ਮੋਰਚਿਆਂ 'ਤੇ ਕੰਮ ਕਰਨਾ ਪਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਅੱਤਵਾਦੀ ਸਾਜ਼ਿਸ਼ ਦੀ ਜਾਂਚ ਬਿਨਾਂ ਕਿਸੇ ਦੇਰੀ ਦੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ,ਕੌਮੀ ਜਾਂਚ ਏਜੰਸੀ ਨੂੰ ਸੌਂਪੀ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਧਮਕੀਆਂ ਦੇ ਡਿਜੀਟਲ ਸਰੋਤ ਦਾ ਪਤਾ ਲਗਾਉਣ ਲਈ ਕੇਂਦਰ ਦੀਆਂ ਸਭ ਤੋਂ ਉੱਨਤ ਸਾਈਬਰ ਫੋਰੈਂਸਿਕ ਟੀਮਾਂ ਨੂੰ ਤੁਰੰਤ ਕੰਮ 'ਤੇ ਲਗਾਇਆ ਜਾਵੇ।ਸ.ਬ੍ਰਹਮਪੁਰਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਲਈ ਇੱਕ ਸਥਾਈ ਅਤੇ ਅਭੇਦ ਸੁਰੱਖਿਆ ਕਵਚ ਬਣਾਉਣ ਲਈ ਕੇਂਦਰੀ ਮਾਹਿਰਾਂ ਵੱਲੋਂ ਇੱਕ ਵਿਆਪਕ ਸੁਰੱਖਿਆ ਆਡਿਟ ਕਰਵਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਦਾ ਮਕਸਦ ਸਿਰਫ਼ ਮੋਹਰਿਆਂ ਨੂੰ ਫੜਨਾ ਨਹੀਂ,ਸਗੋਂ ਪੰਜਾਬ ਅਤੇ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਸਲ ਸਾਜ਼ਿਸ਼ਕਾਰਾਂ ਦੇ ਚਿਹਰਿਆਂ ਤੋਂ ਨਕਾਬ ਲਾਹੁਣਾ ਹੋਣਾ ਚਾਹੀਦਾ ਹੈ।ਉਨ੍ਹਾਂ ਅੰਤ ਵਿੱਚ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਦੇਸ਼ ਭਗਤੀ ਲਈ ਜਾਣੀ ਜਾਂਦੀ ਸਿੱਖ ਕੌਮ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਵੱਲੋਂ ਨਿੱਜੀ ਦਖਲ ਅਤੇ ਠੋਸ ਕਾਰਵਾਈ ਦੀ ਉਮੀਦ ਕਰਦੀ ਹੈ।