ਵਪਾਰੀਆਂ ਨੇ ਘੜੀ ਅਜ਼ਾਦੀ ਦਿਵਸ ਮੌਕੇ ਟੋਅ ਵੈਨਾਂ ਖਿਲਾਫ ਬਠਿੰਡਾ ਬੰਦ ਰੱਖਣ ਸਬੰਧੀ ਰਣਨੀਤੀ
ਅਸ਼ੋਕ ਵਰਮਾ
ਬਠਿੰਡਾ,16 ਜੁਲਾਈ2025 :ਵਪਾਰ ਮੰਡਲ ਬਠਿੰਡਾ ਦੇ ਆਗੂਆਂ ਨੇ ਅੱਜ ਸ਼ਹਿਰ ਦੇ ਬਜ਼ਾਰਾਂ ’ਚ ਟੋਅ ਵੈਨਾਂ ਨਾਲ ਧੱਕੇਸ਼ਾਹੀ ਤਹਿਤ ਚੁੱਕੀਆਂ ਜਾਂਦੀਆਂ ਕਾਰਾਂ ਆਦਿ ਖਿਲਾਫ 15 ਅਗਸਤ ਨੂੰ ਬਠਿੰਡਾ ਬੰਦ ਰੱਖਕੇ ਧਰਨਾ ਦੇਣ ਸਬੰਧੀ ਰਣਨੀਤੀ ਘੜੀ। ਵਪਾਰ ਮੰਡਲ ਦਾ ਪ੍ਰਤੀਕਰਮ ਸੀ ਕਿ ਹੁਣ ਤਾਂ ਗਾਹਕ ਵੀ ਦੁਕਾਨਦਾਰਾਂ ਅੱਗੇ ਹੱਥ ਜੋੜਨ ਲੱਗੇ ਹਨ ਕਿ ਉਹ ਸਮਾਨ ਲੈਣ ਲਈ ਸ਼ਹਿਰ ਵਿੱਚ ਨਹੀਂ ਆਉਣਗੇ ਕਿਉਂਕਿ ਟੋਅ ਵੈਨਾਂ ਦੇ ਧੱਕੇ ਨੇ ਦਾਹੜੀ ਨਾਲੋਂ ਮੁੱਛਾਂ ਵਧਾ ਦਿੱਤੀਆਂ ਹਨ। ਇਸ ਮੌਕੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਇਸ ਮਸਲੇ ਦਾ ਕੋਈ ਹੱਲ ਨਾ ਕੱਢਣ ’ਤੇ ਵਪਾਰੀਆਂ ਦੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ 15 ਅਗਸਤ ਨੂੰ ਅਜਾਦੀ ਦਿਵਸ ’ਤੇ ਬਠਿੰਡਾ ਬੰਦ ’ਚ ਭਰਵਂੀ ਸ਼ਮੂਲੀਅਤ ਕਰਨ ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ। ਵਪਾਰੀ ਆਗੂਆਂ ਦਾ ਕਹਿਣਾ ਸੀ ਕਿ ਉਹ ਅਜਾਦੀ ਦਿਵਸ ਵਰਗੇ ਮਹੱਤਵਪੂਰਨ ਮੌਕੇ ਇਹ ਮਹੌਲ ਸਿਰਜਣਾ ਨਹੀਂ ਚਾਹੁੰਦੇ ਸਨ ਇਹ ਤਾਂ ਸਰਕਾਰ ਦੀਆਂ ਨੀਤੀਆਂ ਨੇ ਉਨਾਂ ਨੂੰ ਮਜਬੂਰ ਕੀਤਾ ਹੈ।
ਵਪਾਰ ਮੰਡਲ ਆਗੂ ਅਮਿਤ ਕਪੂਰ ਨੇ ਕਿਹਾ ਕਿ ਟੋਅ ਵੈਨਾਂ ਵੱਲੋਂ ਸਿਰਜੇ ਦਹਿਸ਼ਤੀ ਮਹੌਲ ਕਾਰਨ ਬਾਜ਼ਾਰਾਂ ਚੋਂ ਗਾਹਕ ਖਤਮ ਹੋ ਰਹੇ ਹਨ ਤੇ ਵਪਾਰ ਤੇ ਸੰਕਟ ਛਾਇਆ ਹੋਇਆ ਹੈ। ਉਨਾਂ ਕਿਹਾ ਕਿ ਤਾਜਾ ਸਥਿਤੀ ਇਹ ਹੈ ਕਿ ਬਾਜ਼ਾਰ ਆਉਣ ਵਾਲੇ ਗਾਹਕਾਂ ਨੂੰ ਅਕਸਰ ਟੋਅ ਵਾਲਿਆਂ ਨਾਲ ਝਗੜਾ ਕਰਨਾ ਪੈਂਦਾ ਹੈ ਜਾਂ ਗੱਡੀਆਂ ਟੋਅ ਹੋ ਜਾਣ ਕਰਕੇ ਉਨਾਂ ਨੂੰ ਭਾਰੀ ਜੁਰਮਾਨੇ ਦੀ ਸਜ਼ਾ ਭੁਗਤਣੀ ਪੈਂਦੀ ਹੈ। ਅਮਿਤ ਕਪੂਰ ਨੇ ਇਸ ਵਰਤਾਰੇ ਵਿਰੁੱਧ ਸਮੂਹ ਵਪਾਰੀਆਂ ਨੂੰ ਇਕਜੁੱਟ ਹੋ ਕੇ ਇਹ ਤਾਨਾਸ਼ਾਹੀ ਰੋਕਣ ਲਈ ਬੰਦ ਸਫਲ ਬਣਾਉਣ ਦੀ ਅਪੀਲ ਵੀ ਕੀਤੀ। ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਵਪਾਰ ਮੰਡਲ ਨੂੰ ਹੁਣ ਤੱਕ ਵੱਡੀ ਗਿਣਤੀ ਐਸੋਸੀਏਸ਼ਨਾਂ ਅਤੇ ਬਜ਼ਾਰਾਂ ਨੇ ਬੰਦ ’ਚ ਸ਼ਾਮਲ ਹੋਣ ਅਤੇ ਸੰਘਰਸ਼ ’ਚ ਸਾਥ ਦੇਣ ਦੀ ਸਹਿਮਤੀ ਦੇ ਦਿੱਤੀ ਹੈ ਜਦੋਂਕਿ ਬਾਕੀ ਵੀ ਦਿਨ ਬਦਿਨ ਧੱਕੇ ਨਾਲ ਵਪਾਰੀਆਂ ਤੇ ਥੋਪੀ ਲੜਾਈ ਲੜਨ ਲਈ ਅੱਗੇ ਆ ਰਹੀਆਂ ਹਨ।
ਵਪਾਰ ਮੰਡਲ ਦੇ ਸੂਬਾ ਸਕੱਤਰ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਸਿਸਟਮ ਠੀਕ ਕਰਨ ਦੇ ਨਾਂ ਹੇਠ ਜੋ ਗੁੰਡਾਗਰਦੀ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਨਾਲ ਕੀਤੀ ਜਾ ਰਹੀ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਉਨਾਂ ਕਿਹਾ ਕਿ ਹੁਣ ਤਾਂ ਕਾਰਾਂ ਟੋਅ ਹੋਣ ਕਾਰਨ ਮਾਨਸਿਕ ਸੰਤਾਪ ਹੰਢਾਉਣ ਕਰਕੇ ਜਿਆਦਾਤਰ ਗਾਹਕ ਟੁੱਟੇ ਦਿਲ ਨਾਲ ਬਠਿੰਡਾ ਆਉਣ ਤੋਂ ਤੋਬਾ ਕਰਨ ਲੱਗੇ ਹਨ ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਜਿੰਨੇ ਮਰਜੀ ਦਮਗਜੇ ਮਾਰੀ ਜਾਵੇ ਪ੍ਰਸ਼ਾਸ਼ਨ ਦਾ ਵਤੀਰਾ ਵਪਾਰੀਆਂ ਅਤੇ ਵਪਾਰ ਵਿਰੋਧੀ ਹੈ। ਸੰਦੀਪ ਅਗਰਵਾਲ ਨੇ ਕਿਹਾ ਕਿ ਜੇ ਸਰਕਾਰ ਸੱਚਮੁੱਚ ਵਪਾਰੀਆਂ ਪ੍ਰਤੀ ਸੁਹਿਰਦ ਹੈ ਤਾਂ ਟੋਅ ਵੈਨ ਦਾ ਠੇਕਾ ਰੱਦ ਕਰਕੇ ਰਾਹਤ ਦੇਣੀ ਚਾਹੀਦੀ ਹੈ। ਵਪਾਰੀ ਆਗੂ ਦ੍ਰਵਜੀਤ ਠਾਕੁਰ ਨੇ ਬਾਜ਼ਾਰਾਂ ਵਿੱਚ ਪਾਰਕਿੰਗ ਦੀ ਥਾਂ ’ਤੇ ਹਜ਼ਾਰਾਂ ਪਰਵਾਸੀਆਂ ਦੀਆਂ ਰੇਹੜੀਆਂ ਲਵਾਕੇ ਕਬਜ਼ਾ ਕਰਵਾਉਣ ਰਾਹੀਂ ਲੋਕਾਂ ਦੀ ਹੁੰਦੀ ਲੁੱਟ ਦਾ ਮੁੱਦਾ ਚੁੱਕਿਆ। ਇਸ ਮੌਕੇ ਤੇ ਜਨਰਲ ਸਕੱਤਰ ਪ੍ਰਮੋਦ ਜੈਨ ਅਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।