ਬਡਹੇੜੀ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ “ਹਿੰਦ ਦੀ ਚਾਦਰ-ਟੀਚਰਜ਼ ਹੋਮ” ਨਵੰਬਰ ਤੋਂ ਪਹਿਲਾਂ ਬਣਾਉਣ ਦੀ ਕੀਤੀ ਪੁਰਜ਼ੋਰ ਮੰਗ
ਚੰਡੀਗੜ੍ਹ, 16 ਜੁਲਾਈ 2025 - ਚੰਡੀਗੜ੍ਹ ਨੰਬਰਦਾਰ ਯੂਨੀਅਨ ਯੂ.ਟੀ. ਚੰਡੀਗੜ੍ਹ ਪ੍ਰਧਾਨ ਅਤੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰ ਸ਼ਾਸਤ ਪ੍ਰਦੇਸ, ਚੰਡੀਗੜ੍ਹ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੇ ਪੱਧਰ ‘ਤੇ ਮਨਾਉਣ ਦਾ ਉਪਰਾਲਾ ਕੀਤਾ ਜਾਵੇ ਅਤੇ ਇਸ ਮੌਕੇ ਗੁਰੂ ਸਾਹਿਬਾਨ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ‘‘ਹਿੰਦ ਦੀ ਚਾਦਰ-ਟੀਚਰਜ਼ ਹੋਮ” ਦੀ ਸ਼ਾਨਦਾਰ ਸਥਾਪਨਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ‘‘ਹਿੰਦ ਦੀ ਚਾਦਰ-ਟੀਚਰਜ਼ ਹੋਮ” ਦੀ ਸਥਾਪਨਾ ਨਵੰਬਰ 2025 ਤੋਂ ਪਹਿਲਾਂ ਪਹਿਲਾਂ ਕੀਤੀ ਜਾਵੇ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਯੂ.ਟੀ. ਵਿਖੇ ਟੀਚਰਜ਼-ਹੋਮ ਦੀ ਮੰਗ ਪਿਛਲੇ 40 ਸਾਲਾਂ ਤੋਂ ਲਟਕਦੀ ਆ ਰਹੀ ਹੈ, ਕਿਉਂਕਿ ਪ੍ਰਸ਼ਾਸਨ ਇਸ ਨੂੰ ਪੂਰੀ ਕਰਨ ਵਿੱਚ ਅੱਜ ਤੱਕ ਅਵੇਸਲਾ ਹੀ ਰਿਹਾ ਹੈ। ਹੁਣ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਏ ਜਾਣ ਦਾ ਸਾਨੂੰ ਉੱਚਿਤ ਸਮਾਂ ਮਿਲ਼ ਰਿਹਾ ਹੈ, ਤਾਂ ਪ੍ਰਸ਼ਾਸਨ ਇਸ ਮੰਗ ਨੂੰ ਵਧੀਆ ਰੂਪ ਦੇ ਕੇ ਯਾਦਗਾਰੀ ਬਣਾਉਣ ਦਾ ਉਪਰਾਲਾ ਕਰ ਸਕਦਾ ਹੈ।ਜ਼ਿਕਰਯੋਗ ਹੈ ਕਿ ਸਿੱਖ ਕਿਸਾਨ ਆਗੂ ਸਰਦਾਰ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਅਕਸਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ਼ ਸਬੰਧਤ ਭਖਦੇ ਮੁੱਦਿਆਂ ਵੱਲ ਚੰਡੀਗੜ੍ਹ ਪ੍ਰਸ਼ਾਸਨ ਦਾ ਧਿਆਨ ਦਿਵਾਉਂਦੇ ਰਹਿੰਦੇ ਹਨ।