ਜਨਤਕ ਸੁਣਵਾਈ ਦੌਰਾਨ ਲੋਕਾਂ ਨੇ ਬੁਲੰਦ ਅਵਾਜ਼ ’ਚ ਕਿਹਾ ਸਾਨੂੰ ਨਹੀਂ ਪ੍ਰਵਾਨ ਸੀਮਿੰਟ ਫੈਕਟਰੀ
ਅਸ਼ੋਕ ਵਰਮਾ
ਮਾਨਸਾ,16 ਜੁਲਾਈ 2025: ਸੀਮਿੰਟ ਫੈਕਟਰੀ ਲੱਗਣ ਤੋਂ ਰੋਕਣ ਬਾਬਤ ਪ੍ਰਦੂਸ਼ਣ ਬੋਰਡ ਵੱਲੋਂ ਰੱਖੀ ਗਈ ਲੋਕ ਸੁਣਵਾਈ ’ਚ ਲੋਕਾਂ ਨੇ ਜੇ.ਐਸ. ਡਬਲਯੂ. ਕੰਪਨੀ ਦੀ ਤਜਵੀਜ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਪਿੰਡ ਤਲਵੰਡੀ ਅਕਲੀਆ ਨੇੜੇ ਮੂਸਾ ਜਿਲਾ ਮਾਨਸਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਸੁਣਵਾਈ ਰੱਖੀ ਸੀ ਜਿਸ ਦੌਰਾਨ ਜਨਤਕ ਆਗੂਆਂ ਨੇ ਫੈਕਟਰੀ ਪੱਖੀ ਦਲੀਲਾਂ ਦੇ ਬਖੀਏ ਉਧੇੜਕੇ ਰੱਖ ਦਿੱਤੇ। ਇਸ ਸੁਣਵਾਈ ਦੌਰਾਨ ਪਿੰਡ ਰਾਏਪੁਰ, ਮਾਖਾ, ਕਰਮਗੜ ਉਰਫ ਔਤਾਂਵਾਲੀ, ਬਣਾਂਵਾਲੀ, ਦਲੀਏਵਾਲੀ ਦੇ ਲੋਕਾਂ ਦੇ ਨਾਲ ਨਾਲ ਸਮੂਹ ਵਾਤਾਵਰਣ ਪ੍ਰੇਮੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਕਈ ਮਾਮਲਿਆਂ ਨੂੰ ਲੈਕੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੇ ਆਪਣਾ ਪੱਖ ਰੱਖਿਆ ਪਰ ਬੁਲਾਰਿਆਂ ਨੇ ਆਪਣੀਆਂ ਦਲੀਲਾਂ ਨਾਲ ਉਨਾਂ ਨੂੰ ਲਾਜਵਾਬ ਕੀਤਾ। ਵੱਡੀ ਗੱਲ ਹੈ ਕਿ ਇਸ ਮੌਕੇ ਜੇਐਸਡਬਲਿਊ ਕੰਪਨੀ ਦੇ ਪ੍ਰਤੀਨਿਧਾਂ ਨੇ ਚੁੱਪ ਧਾਰੀ ਰੱਖੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਣਾਂਵਾਲਾ ਥਰਮਲ ਪਲਾਂਟ ਤੋਂ ਉੱਡਣ ਵਾਲੀ ਸੁਆਹ, ਧੂੰਏ ਅਤੇ ਟਰੱਕਾਂ ਦੀ ਧੂੜ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਅਤੇ ਜੇਕਰ ਪ੍ਰਸਤਾਵਿਤ ਫੈਕਟਰੀ ਲੱਗਦੀ ਹੈ ਤਾਂ ਇੱਕ ਤਰਾਂ ਨਾਲ ਆਮ ਜਨਜੀਵਨ ਦਾਅ ਤੇ ਲੱਗ ਜਾਣਾ ਹੈ। ਉਨਾਂ ਕਿਹਾ ਕਿ ਇਸ ਫੈਕਟਰੀ ’ਚ ਆਉਣ ਵਾਲੀਆਂ ਗੱਡੀਆਂ ਨਾਲ ਜਾਨਲੇਵਾ ਹਾਦਸੇ ਵਧਣਗੇ ਅਤੇ ਪ੍ਰਦੂਸ਼ਣ ਵੀ ਫੈਲੇਗਾ ਜੋਕਿ ਮਨੁੱਖੀ ਸਿਹਤ ਅਤੇ ਫਸਲਾਂ ਲਈ ਮਾਰੂ ਸਿੱਧ ਹੋਣਾ ਹੈ। ਇਸ ਮੌਕੇ ਲੋਕਾਂ ਨੇ ਆਪਣੇ ਲਿਖਤੀ ਇਤਰਾਜ ਦਰਜ ਕਰਵਾਏ ਅਤੇ ਇੱਕ ਮੱਤ ਨਾਲ ਸੀਮਿੰਟ ਫੈਕਟਰੀ ਦੀ ਤਜਵੀਜ ਨਕਾਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਉਹ ਪ੍ਰਸ਼ਾਸ਼ਨ ਦੀਆਂ ਮਿੱਠੀਆਂ ਗੱਲਾਂ ’ਚ ਆਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਦੁੱਖਾਂ ਦੀ ਪੰਡ ਨਹੀਂ ਸਹੇੜ ਸਕਦੇ ਹਨ।
ਵਾਤਾਵਰਨ ਪੱਖੀ ਆਖਦੇ ਹਨ ਕਿ ਹੁਣ ਹਰ ਤਰਾਂ ਦੇ ਪ੍ਰਦੂਸ਼ਣ ਤੇ ਰੋਕ ਲਾਉਣ ਦਾ ਵਕਤ ਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਫੈਕਟਰੀ ਲੱਗੀ ਤਾਂ ਆਉਣ ਵਾਲਾ ਸਮਾਂ ਮਨੁੱਖੀ ਜਿੰਦਗੀ ਲਈ ਭਿਆਨਕ ਹੋਣਾ ਤੈਅ ਹੈ। ਉਨਾਂ ਕਿਹਾ ਕਿ ‘ ਕਥਿਤ ਵਿਕਾਸ’ ਨੇ ਮਾਨਵਤਾ ਦਾ ‘ਸੱਤਿਆਨਾਸ’ ਕੀਤਾ ਹੈ । ਇਸ ਮੌਕੇ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਤੋਂ ਪ੍ਰਧਾਨ ਸੁਖਦੀਪ ਸਿੰਘ , ਸੈਕਟਰੀ ਮਨਪ੍ਰੀਤ ਸਿੰਘ, ਮੀਡੀਆ ਇੰਚਾਰਜ ਖੁਸ਼ਵੀਰ ਸਿੰਘ, ਕਾਕਾ ਸਿੰਘ ਪਿੰਡ ਤਲਵੰਡੀ ਅਕਲੀਆ ਅਤੇ ਹੋਰ ਮੈਂਬਰਾਂ ਨੇ ਆਪਣੇ ਇਤਰਾਜ, ਪੰਚਾਇਤਾਂ ਦੇ ਮਤੇ, ਧਾਰਮਿਕ ਸਥਾਨਾਂ ਵੱਲੋਂ ਪੇਸ਼ ਫੈਕਟਰੀ ਰੋਸ ਦਾ ਚਿੱਠਾ ਪ੍ਰਦੂਸ਼ਣ ਕੰਟਰੋਲ ਬੋਰਡ ਸੌਂਪਿਆ। ਆਗੂਆਂ ਨੇ ਲੁਧਿਆਣਾ ਤੋਂ ਆਈਆਂ ਲੋਕ ਪੱਖੀ ਸ਼ਖਸ਼ੀਅਤਾਂ, ਕਿਸਾਨ ਜੱਥੇਬੰਦੀਆਂ ਅਤੇ ਹੋਰਨਾਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਪ੍ਰਦੂਸ਼ਣ ਬੋਰਡ ਬਠਿੰਡਾ ਦੇ ਉੱਚ ਅਧਿਕਾਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਮਾਨਸਾ ਅਤੇ ਜਿਲਾ ਪ੍ਰਸ਼ਾਸਨ ਦਾ ਅਧਿਕਾਰੀ ਹਾਜ਼ਰ ਸਨ।