ਰਿਫਾਇਨਰੀ ਨੇ ਸਰਕਾਰੀ ਸੈਕੰਡਰੀ ਸਕੂਲ ਨੂੰ ਬਣਾਕੇ ਦਿੱਤਾ ਮਲਟੀਪਰਪਜ਼ ਹਾਲ
ਅਸ਼ੋਕ ਵਰਮਾ
ਬਠਿੰਡਾ, 10ਜੂਨ 2025: ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਪੱਕਾ ਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਬਣਾਕੇ ਦਿੱਤੇ ਅਧੁਨਿਕ ਮਲਟੀਪਰਪਜ਼ ਹਾਲ ਦਾ ਉਦਘਾਟਨ ਐਚਐਮਈਐਲ ਦੇ ਵਾਈਸ ਪ੍ਰੈਜ਼ੀਡੈਂਟ –ਓਪਰੇਸ਼ਨਲ ਐਕਸੀਲੈਂਸ ਅਰੁਣ ਭਾਰਦਵਾਜ ਨੇ ਕੀਤਾ । ਇਸ ਮੌਕੇ ਭਾਰਦਵਾਜ ਨੇ ਕਿਹਾ, “ਇਹ ਹਾਲ ਸਿੱਖਿਆ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਨੂੰ ਵੀ ਉਤਸ਼ਾਹ ਦੇਵੇਗਾ। ਇਹ ਸਕੂਲ ਸੰਗਤ ਬਲਾਕ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਵਾਲਾ ਹੈ, ਜਿੱਥੇ ਇੱਕ ਅਜਿਹੇ ਹਾਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।ਉਨ੍ਹਾਂ ਦੱਸਿਆ ਕਿ ਸਕੂਲ ਦੇ ਸਾਬਕਾ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਹ ਮੰਗ ਰੱਖੀ ਸੀ ਜੋ ਹੁਣ ਪੂਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਰਿਫਾਈਨਰੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਚਲਾਈ ਜਾ ਰਹੀ ਸਕਾਲਰਸ਼ਿਪ ਸਕੀਮ ਅਤੇ ਅਹਿਮ ਪ੍ਰੋਜੈਕਟ ਦੇ ਨਤੀਜੇ ਵਜੋਂ ਪਿੰਡਾਂ ਦੇ ਵਿਦਿਆਰਥੀ ਅੱਜ ਵਕਾਰੀ ਤਕਨੀਕੀ ਸੰਸਥਾਨਾਂ ਵਿੱਚ ਦਾਖ਼ਲਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇੱਕ ਵਿਦਿਆਰਥਣ ਨੇ ਗੁਹਾਟੀ ਅਤੇ ਚਾਰ ਵਿਦਿਆਰਥੀਆਂ ਨੇ ਜਲੰਧਰ ਵਿੱਚ ਦਾਖ਼ਲਾ ਲਿਆ ਸੀ। ਸਕੂਲ ਇੰਚਾਰਜ ਬਲਜਿੰਦਰ ਕੌਰ ਨੇ ਕਿਹਾ ਕਿ ਸਕੂਲ ਵਿੱਚ ਸਿੱਖਿਆ, ਜਨਰਲ ਨਾਲਜ, ਡਰਾਇੰਗ, ਟਰੈਫਿਕ ਅਤੇ ਹੋਰ ਵਿਸ਼ਿਆਂ ‘ਤੇ ਸੈਮੀਨਾਰ ਕਰਵਾਏ ਜਾਂਦੇ ਹਨ, ਪਰ ਢੁੱਕਵੀਂ ਥਾਂ ਨਾ ਹੋਣ ਕਰਕੇ ਮੁਸ਼ਕਲ ਆਉਂਦੀ ਸੀ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮੈਡੀਕਲ ਜਾਂਚ ਵੀ ਦੋ ਵਾਰੀ ਕਰਵਾਉਣੀ ਪੈਂਦੀ ਸੀ ਪਰ ਹੁਣ ਮਲਟੀਪਰਪਜ਼ ਹਾਲ ਬਣਨ ਨਾਲ ਇਹ ਸਾਰੀਆਂ ਗਤੀਵਿਧੀਆਂ ਇਕ ਛੱਤ ਹੇਠਾਂ ਹੋ ਸਕਣਗੀਆਂ।
ਪਿੰਡ ਦੇ ਸਰਪੰਚ ਬਲਕਰਨ ਸਿੰਘ ਨੇ ਕਿਹਾ ਕਿ ਰਿਫਾਈਨਰੀ ਨੇ ਮਲਟੀਪਰਪਜ਼ ਹਾਲ ਨਾਲ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਐਚਐਮਈਐਲ ਦਾ ਧੰਨਵਾਦ ਕੀਤਾ।ਇਸ ਮੌਕੇ ਐਚਐਮਈਐਲ ਦੇ ਸੀਐਸਆਰ ਮੁਖੀ ਵਿਸ਼ਵਾਮੋਹਨ ਪ੍ਰਸਾਦ, ਸਾਬਕਾ ਪ੍ਰਿੰਸੀਪਲ ਕੁਲਵਿੰਦਰ ਸਿੰਘ, ਇੰਚਾਰਜ ਬਲਜਿੰਦਰ ਕੌਰ, ਸਰਪੰਚ ਬਲਕਰਨ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਗ੍ਰਾਮ ਪੰਚਾਇਤ ਮੈਂਬਰ ਮੱਖਣ ਸਿੰਘ ਪੰਚ, ਪਰਮਜੀਤ ਕੌਰ, ਗੁਰਚੇਤ ਸਿੰਘ, ਪਰਮਜੀਤ ਕੌਰ, ਸ਼ੀਲਾ ਰਾਣੀ, ਪਰਮਜੀਤ ਕੌਰ, ਦਰਸ਼ਨ ਸਿੰਘ, ਜਗਸੀਰ ਸਿੰਘ, ਮਾਸ਼ਾ ਰਾਮ, ਬਲਦੇਵ ਸਿੰਘ, ਸੋਨੀ ਦੇਵੀ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।