ਬਿਜ਼ਨਸ ਡਾਹਢਾ: ਜਹਾਜ਼ਾਂ ਵਾਲੇ ਵੀ ਖਾਂਦੇ ਘਾਟਾ
ਕਾਂਟਾਸ ਨੇ ਜੈੱਟਸਟਾਰ ਏਸ਼ੀਆ ਨੂੰ ਬੰਦ ਕੀਤਾ—ਜਹਾਜ਼ ਨਿਊਜ਼ੀਲੈਂਡ ਤੇ ਆਸਟਰੇਲੀਆ ਲਈ ਵਰਤੇ ਜਾਣਗੇ
-35 ਮਿਲੀਅਨ ਦਾ ਪੈ ਗਿਆ ਘਾਟਾ-500 ਸਟਾਫ ਦੀ ਨੌਕਰੀ ਜਾਏਗੀ
ਔਕਲੈਂਡ 11 ਜੂਨ 2025 (ਹਰਜਿੰਦਰ ਸਿੰਘ ਬਸਿਆਲਾ)- ਕਾਂਟਾਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਸਿੰਗਾਪੁਰ-ਅਧਾਰਤ ਬਜਟ ਏਅਰਲਾਈਨ ਜੈੱਟਸਟਾਰ ਏਸ਼ੀਆ ਨੂੰ 31 ਜੁਲਾਈ 2025 ਨੂੰ ਬੰਦ ਕਰ ਰਹੀ ਹੈ। ਇਹ ਫੈਸਲਾ ਉੱਚ ਸਪਲਾਇਰ ਲਾਗਤਾਂ, ਹਵਾਈ ਅੱਡਿਆਂ ਦੀਆਂ ਵਧ ਰਹੀਆਂ ਫੀਸਾਂ, ਅਤੇ ਖੇਤਰ ਵਿੱਚ ਵਧ ਰਹੀ ਮੁਕਾਬਲੇਬਾਜ਼ੀ ਦੇ ਕਾਰਨ ਲਿਆ ਗਿਆ ਹੈ। ਬੰਦ ਹੋਣ ਤੋਂ ਬਾਅਦ, 13 ਜੈੱਟਸਟਾਰ ਏਸ਼ੀਆ ਏਅਰਬਸ 1320 ਜਹਾਜ਼ ਨਿਊਜ਼ੀਲੈਂਡ ਤੇ ਆਸਟਰੇਲੀਆ ਲਈ ਵਰਤੇ ਜਾਣਗੇ, ਜਿਸ ਨਾਲ ਸਸਤੀਆਂ ਹਵਾਈ ਟਿਕਟਾਂ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਉਤਪੰਨ ਹੋਣ ਦੀ ਉਮੀਦ ਹੈ। ਇਹ ਬੰਦ ਹੋਣ ਨਾਲ ਜੈੱਟਸਟਾਰ ਏਅਰਵੇਜ਼ (ਆਸਟਰੇਲੀਆ) ਜਾਂ ਜੈੱਟਸਟਾਰ ਜਪਾਨ ਦੀਆਂ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਜੈੱਟਸਟਾਰ ਏਸ਼ੀਆ ਦੇ ਯਾਤਰੀਆਂ ਨੂੰ ਪੂਰੀ ਰਕਮ ਦੀ ਵਾਪਸੀ ਜਾਂ ਹੋਰ ਉਡਾਣਾਂ ’ਤੇ ਬੈਠਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਸਟਾਫ ਦੇ ਲਈ ਵੀ ਜੇਕਰ ਨੌਕਰੀ ਉਪਲਬਧ ਰਹੇਗੀ ਤਾਂ ਬਦਲੀ ਕੀਤੀ ਜਾਵੇਗੀ। ਸੋ ਅੱਜ ਦੀ ਤਰੀਕ ਵਿਚ ਬਿਜ਼ਨਸ ਕਰਨੇ ਵੀ ਬੜੇ ਡਾਹਢੇ ਹਨ, ਜਹਾਜ਼ਾਂ ਵਾਲੇ ਵੀ ਘਾਟਾ ਖਾ ਜਾਂਦੇ ਹਨ।