ਪੰਜਾਬੀ ਯੂਨੀਵਰਸਿਟੀ ਸ਼ਰਧਾ ਅਤੇ ਸਤਿਕਾਰ ਨਾਲ਼ ਮਨਾਵੇਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ
-ਵਾਈਸ ਚਾਂਸਲਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਹੋਈ ਪਲੇਠੀ ਮੀਟਿੰਗ
-ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣਾ ਪੰਜਾਬੀ ਯੂਨੀਵਰਸਿਟੀ ਦੇ ਉਦੇਸ਼ ਨੂੰ ਨਿਸ਼ਠਾ ਪੂਰਵਕ ਅੱਗੇ ਲਿਜਾਣ ਵਾਲਾ ਕਦਮ: ਡਾ. ਜਗਦੀਪ ਸਿੰਘ
ਪਟਿਆਲਾ, 10 ਜੂਨ 2025- ਪੰਜਾਬੀ ਯੂਨੀਵਰਸਿਟੀ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਸ਼ਰਧਾ ਅਤੇ ਸਤਿਕਾਰ ਨਾਲ਼ ਮਨਾਵੇਗੀ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਮਾਗਮ ਉਲੀਕੇ ਜਾ ਰਹੇ ਹਨ ਅਤੇ ਇਸ ਸ਼ਤਾਬਦੀ ਨੂੰ ਸ਼ਰਧਾ ਅਤੇ ਭਾਵ-ਪੂਰਤ ਢੰਗ ਨਾਲ ਮਨਾਉਣ ਲਈ ਪੰਜਾਬੀ ਯੂਨੀਵਰਿਸਟੀ ਵੱਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਇਹ ਵਿਚਾਰ ਇਸ ਕਾਰਜ ਲਈ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਪਲੇਟੀ ਮੀਟਿੰਗ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਸ਼ੇਸ਼ ਤੌਰ ’ਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਬਣੀ ਹੈ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣਾ ਇਸ ਉਦੇਸ਼ ਨੂੰ ਨਿਸ਼ਠਾ ਪੂਰਵਕ ਅੱਗੇ ਲਿਜਾਣ ਵਾਲਾ ਕਦਮ ਹੈ।
ਜਿ਼ਕਰਯੋਗ ਹੈ ਕਿ ਡਾ. ਪਰਮਵੀਰ ਸਿੰਘ ਇਸ ਕਮੇਟੀ ਦੇ ਕਨਵੀਨਰ ਵਜੋਂ ਭੂਮਿਕਾ ਨਿਭਾਉਣਗੇ। ਕਮੇਟੀ ਦੇ ਮੈਂਬਰਾਂ ਵਿੱਚ ਡਾ. ਦਲਜੀਤ ਸਿੰਘ, ਡਾ. ਸੰਦੀਪ ਕੌਰ, ਡਾ. ਸੁਖਵਿੰਦਰ ਸਿੰਘ ਅਤੇ ਡਾ. ਜਸਵਿੰਦਰ ਸਿੰਘ ਬਰਾੜ ਸ਼ਾਮਲ ਹਨ।
ਮੀਟਿੰਗ ਦੌਰਾਨ ਵਿਚਾਰ ਕੀਤੀ ਗਈ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਕਾਂਸਟੀਚੁਐਂਟ ਕਾਲਜਾਂ, ਰੀਜ਼ਨਲ ਸੈਂਟਰਾਂ, ਨੇਬਰਹੁੱਡ ਕੈਂਪਸਾਂ ਅਤੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ।
ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਅਤੇ ਸਿੱਖ ਸਾਹਿਤ ਸਬੰਧੀ ਬਹੁਤ ਸਾਰੇ ਅਕਾਦਮਿਕ ਕਾਰਜ ਨਿਰੰਤਰ ਜਾਰੀ ਹਨ ਅਤੇ ਇਸ ਸ਼ਤਾਬਦੀ ਨੂੰ ਸਮਰਪਿਤ ‘ਗੁਰੂ ਤੇਗ ਬਹਾਦਰ ਜੀ : ਜੀਵਨ, ਬਾਣੀ ਅਤੇ ਪ੍ਰਮੱਖ ਯਾਦਗਾਰਾਂ’ ਨਾਮਕ ਇਕ ਵਿਸ਼ੇਸ਼ ਪੁਸਤਕ ਵੀ ਤਿਆਰ ਕੀਤੀ ਜਾ ਰਹੀ ਹੈ।