ਝੋਨੇ ਦੀ ਲਵਾਈ ਨੂੰ ਸੌਖਾ ਕਰਨ ਲਈ PAU ਵੱਲੋਂ ਰਿਮੋਟ ਅਧਾਰਿਤ ਮਸ਼ੀਨ ਤਿਆਰ, ਦਿਹਾੜੀ ਚ ਲਾਏਗੀ ਐਨੇ ਕਿੱਲੇ ਝੋਨਾ
ਸੁਖਮਿੰਦਰ ਸਿੰਘ ਭੰਗੂ
ਲੁਧਿਆਣਾ 10 ਜੂਨ, 2025- ਬੀਤੇ ਦਿਨੀਂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਹੋਏ ਵਿਸ਼ੇਸ਼ ਸਮਾਗਮ ਵਿਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਝੋਨਾ ਲਾਉਣ ਵਾਲੀ ਰਿਮੋਟ ਅਧਾਰਿਤ ਦੋ ਪਹੀਆ ਮਸ਼ੀਨ ਦਾ ਪ੍ਰਦਰਸ਼ਨ ਦੇਖਿਆ|
ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਹੋਰ ਉੱਚ ਅਧਿਕਾਰੀ ਇਸ ਮਸ਼ੀਨ ਦੇ ਕਾਰਜ ਤੋਂ ਬੇਹੱਦ ਖੁਸ਼ ਨਜ਼ਰ ਆਏ| ਚੌਹਾਨ ਨੇ ਝੋਨੇ ਦੀ ਲਵਾਈ ਲਈ ਪੀ.ਏ.ਯੂ. ਵੱਲੋਂ ਨਿਰਮਤ ਸੈਂਸਰ ਅਧਾਰਿਤ ਸਵੈਚਾਲਿਤ ਝੋਨਾ ਲਵਾਈ ਮਸ਼ੀਨ ਦੀ ਪ੍ਰਸ਼ੰਸ਼ਾ ਵੀ ਕੀਤੀ| ਉਹਨਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਸਹੂਲਤ ਵਾਸਤੇ ਮਜ਼ਦੂਰੀ ਦੀਆਂ ਲੋੜਾਂ ਦੇ ਮੱਦੇਨਜ਼ਰ ਇਹ ਮਸ਼ੀਨ ਬੇਹੱਦ ਕਾਰਗਰ ਸਾਬਿਤ ਹੋ ਸਕਦੀ ਹੈ|
ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬੁਲਾਏ ਕਿਸਾਨਾਂ ਦੀ ਹਾਜ਼ਰੀ ਵਿਚ ਝੋਨੇ ਦੀ ਮਸ਼ੀਨੀ ਲਵਾਈ ਦੇ ਪ੍ਰਦਰਸ਼ਨ ਦੇ ਮੰਤਵ ਨਾਲ ਆਯੋਜਿਤ ਕੀਤਾ ਗਿਆ| ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਵਿਕਸਿਤ ਕੀਤੀ| ਇਹ ਮਸ਼ੀਨ ਰਾਸ਼ਟਰੀ ਖੇਤੀਬਾੜੀ ਉੱਚ ਸਿੱਖਿਆ ਪ੍ਰੋਜੈਕਟ ਅਤੇ ਸਰਵ ਭਾਰਤੀ ਸਾਂਝਾ ਖੋਜ ਪ੍ਰੋਜੈਕਟ (ਖੇਤੀ ਅਤੇ ਸੰਬੰਧਿਤ ਖੇਤਰਾਂ ਵਿਚ ਸੁਰੱਖਿਆ ਅਤੇ ਮਸ਼ੀਨਰੀ) ਤਹਿਤ ਝੋਨੇ ਦੀ ਲਵਾਈ ਨੂੰ ਸੌਖਿਆਂ ਬਨਾਉਣ ਲਈ ਨਿਰਮਿਤ ਕੀਤੀ ਗਈ ਹੈ|
ਹੱਥੀਂ ਝੋਨਾ ਲਾਉਣ ਵਾਸਤੇ ਮਨੁੱਖੀ ਮੁਸ਼ੱਕਤ ਨੂੰ ਘਟਾਉਣ ਲਈ, ਵੱਖ-ਵੱਖ ਸਵੈਚਾਲਿਤ ਪੈਡੀ ਟਰਾਂਸਪਲਾਂਟਰ ਜਿਵੇਂ ਕਿ 4-ਵ੍ਹੀਲ ਰਾਈਡ ਆਨ ਟਾਈਪ ਅਤੇ 2-ਵ੍ਹੀਲ ਵਾਕ ਬੀਹਾਈਂਡ ਟਾਈਪ (ਪਿਛੇ ਤੁਰਨ ਵਾਲੀ ਮਸ਼ੀਨ) ਮਸ਼ੀਨਾਂ ਉਪਲਬਧ ਹਨ| 2-ਵ੍ਹੀਲ ਵਾਕ ਬੀਹਾਈਂਡ ਟਾਈਪ ਟਰਾਂਸਪਲਾਂਟਰਾਂ ਨੂੰ ਚਲਾਉਣ ਲਈ ਵਧੇਰੇ ਮਨੁੱਖੀ ਕਾਮਿਆਂ ਦੀ ਲੋੜ ਹੁੰਦੀ ਹੈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਵਾਕਬੈਕ ਟਾਈਪ ਟਰਾਂਸਪਲਾਂਟਰਾਂ ਨੂੰ ਕਾਮੇ ਨੂੰ 2 ਕਿਲੋ ਮੀਟਰ ਪ੍ਰਤੀ ਘੰਟਾ ਅਤੇ 10 ਤੋਂ 22 ਕਿਲੋਮੀਟਰ ਪ੍ਰਤੀ ਦਿਨ ਕੱਦੂ ਵਾਲੇ ਖੇਤ ਵਿਚ ਤੁਰਨਾ ਪੈਂਦਾ ਹੈ|
ਇਸ ਤੋਂ ਇਲਾਵਾ ਬੜੀ ਤੇਜ ਗਰਮੀ (38-44 ਡਿਗਰੀ ਸੈਲਸੀਅਸ) ਅਤੇ ਤਾਪਮਾਨ ਅਤੇ ਹੁੰਮਸ (>70%) ਭਰੇ ਵਾਤਾਵਰਨ ਵਿੱਚ ਔਖਾ ਹੋਣਾ ਪੈਂਦਾ ਹੈ| ਇਹਨਾ ਖਾਮੀਆਂ ਨੂੰ ਦੂਰ ਕਰਨ ਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਾਕ ਬੀਹਾਈਂਡ ਝੋਨਾ ਲਾਉਣ ਵਾਲੀ ਮਸ਼ੀਨ ਨੂੰ ਚਲਾਉਣ ਲਈ ਰਿਮੋਟ ਕੰਟਰੋਲ ਸਿਸਟਮ ਇਜ਼ਾਦ ਕੀਤਾ ਹੈ |
ਇਸ ਨਾਲ ਮਸ਼ੀਨ ਨੂੰ ਕੱਦੂ ਵਾਲੇ ਖੇਤ ਦੇ ਬਾਹਰ ਛਾਵੇਂ ਅਤੇ ਸੁਰੱਖਿਅਤ ਜਗ੍ਹਾ ਤੇ ਬੈਠ ਕੇ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ| ਸੋਧ ਤੋਂ ਇਹ ਪਾਇਆ ਗਿਆ ਹੈ ਕਿ ਇਸ ਮਸ਼ੀਨ ਨੂੰ 10 ਤੋਂ 12 ਪ੍ਰਤੀਸ਼ਤ ਵੱਧ ਸਪੀਡ ਨਾਲ ਚਲਾਇਆ ਜਾ ਸਕਦਾ ਹੈ ਜਿਸ ਕਰਕੇ ਇਸ ਦੀ ਕੰਮ ਕਰਨ ਦੀ ਸਮਰੱਥਾ 10 ਤੋਂ 12 ਪ੍ਰਤੀਸ਼ਤ ਵਧ ਜਾਂਦੀ ਹੈ| ਸੋਧ ਦੁਆਰਾ ਇਹ ਵੀ ਵੇਖਿਆ ਗਿਆ ਹੈ ਕਿ ਮਨੁੱਖੀ ਥਕਾਵਟ ਵਿੱਚ 85 ਪ੍ਰਤੀਸ਼ਤ ਘਟਦੀ ਹੈ ਅਤੇ ਮਜ਼ਦੂਰੀ ਦੀ 40 ਪ੍ਰਤੀਸ਼ਤ ਬੱਚਤ ਹੁੰਦੀ ਹੈ| ਇਸ ਕਰਕੇ ਕੁੱਲ ਮੁਨਾਫਾ 5 ਤੋਂ 15 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ|
ਆਈ ਸੀ ਏ ਆਰ ਦੇ ਨਿਰਦੇਸ਼ਕ ਜਨਰਲ ਮਾਂਗੀ ਲਾਲ ਜਾਟ ਨੇ ਵੀ ਪੀ.ਏ.ਯੂ. ਵੱਲੋਂ ਇਜਾਦ ਕੀਤੀਆਂ ਜਾਂਦੀਆਂ ਮਸ਼ੀਨਾਂ ਨੂੰ ਬੇਹੱਦ ਕਾਰਗਰ ਕਿਹਾ ਅਤੇ ਉਹਨਾਂ ਨੇ ਸਮਾਰਟ ਖੇਤੀਬਾੜੀ ਲਈ ਏ ਆਈ ਅਤੇ ਰੋਬੋਟਿਕਸ ਵਰਗੀਆਂ ਤਕਨੀਕਾਂ ਵਧਾਉਣ ਲਈ ਪੀ.ਏ.ਯੂ. ਵੱਲੋਂ ਕੀਤੇ ਜਾ ਯਤਨਾਂ ਦੀ ਸ਼ਲਾਘਾ ਕੀਤੀ|
ਇਸ ਸੰਬੰਧ ਵਿਚ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਉੱਪਰ ਚਾਨਣਾ ਪਾਉਂਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਨੇ ਸਕੂਲ ਆਫ ਡਿਜ਼ੀਟਲ ਇਨੋਵੇਸ਼ਨਜ਼ ਫਾਰ ਸਮਾਰਟ ਐਗਰੀਕਲਚਰ ਦੀ ਸਥਾਪਨਾ ਕੀਤੀ ਹੈ ਜੋ ਕਿ ਖੇਤੀ ਵਿਚ ਨਵੀਆਂ ਤਕਨੀਕਾਂ ਦੀ ਗੁਜ਼ਾਇੰਸ਼ ਤਲਾਸ਼ਣ ਦਾ ਬੇਹਤਰੀਨ ਯਤਨ ਹੈ| ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਇਸ ਸੰਬੰਧ ਵਿਚ ਹੋਰ ਕੋਸ਼ਿਸ਼ਾਂ ਅਤੇ ਨਵੀਆਂ ਤਕਨੀਕਾਂ ਇਜਾਦ ਕਰਨ ਦਾ ਭਰੋਸਾ ਦਿਵਾਇਆ|