ਹੁਕਮਨਾਮਾ ਸਾਹਿਬ ਤੋਂ ਬਾਗ਼ੀ ਧੜਾ ਜਿੱਦ ਅਤੇ ਸਵਾਰਥੀ ਹਿੱਤ ਛੱਡ ਕੇ ਪਾਰਟੀ ਦੀ ਮਜ਼ਬੂਤੀ ਲਈ ਭਰਤੀ ਮੁਹਿੰਮ ਦਾ ਹਿੱਸਾ ਬਣਨ- ਭਰਤੀ ਕਮੇਟੀ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੀ ਭਾਲ ਨੂੰ ਪੂਰਾ ਕਰਨ ਲਈ ਸਭ ਅੱਗੇ ਆਕੇ ਏਕਤਾ ਦੇ ਹਾਮੀ ਬਣਨ
ਸੀਮਤ ਸਮੇ ਦੇ ਬਾਵਜੂਦ ਪੰਥ ਤੋਂ ਮਿਲੇ ਵੱਡੇ ਸਹਿਯੋਗ ਸਦਕਾ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਨੇੜੇ ਪੁੱਜੇ
ਚੰਡੀਗੜ () ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਬੀਬੀ ਸਤਵੰਤ ਕੌਰ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸੰਗਤ ਤੋਂ ਮਿਲ ਰਹੇ ਭਰਪੂਰ ਸਮਰਥਨ ਦੇ ਚਲਦੇ ਸੀਮਤ ਸਮੇ ਦੇ ਬਾਵਜੂਦ ਭਰਤੀ ਕਮੇਟੀ ਆਪਣੇ ਚੁਣੌਤੀ ਭਰਪੂਰ ਕਾਰਜ ਨੂੰ ਨੇਪਰੇ ਚਾੜਨ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਬਹੁਤ ਜਲਦ ਪੰਜਾਬ ਪ੍ਰਸਤ ਅਤੇ ਪੰਥ ਪ੍ਰਵਾਨਿਤ ਲੀਡਰਸ਼ਿਪ ਮਿਲਣ ਜਾ ਰਹੀ ਹੈ । ਪੰਥਕ ਖੜੋਤ ਅਤੇ ਖਲਾਅ ਨੂੰ ਭਰਨ ਲਈ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਦਰਜ ਇੱਕ-ਇੱਕ ਸ਼ਬਦ ਤੇ ਪਹਿਰਾ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹੋਏ ਸਾਰੀਆਂ ਪੰਥਕ ਧਿਰਾਂ ਨੂੰ ਹੁਕਮਨਾਮਾ ਸਾਹਿਬ ਦੀ ਛਤਰ ਛਾਇਆ ਹੇਠ ਅੱਗੇ ਵਧਣ ਦੀ ਅਪੀਲ ਕੀਤੀ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਜੀ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਪਹੁੰਚੇ ਹਰ ਵਰਕਰ ਅਤੇ ਲੀਡਰ ਸਾਹਿਬਾਨ ਨੇ ਏਕਤਾ, ਇਕੱਠ ਅਤੇ ਸਮੂਹਿਕ ਰੂਪ ਵਿੱਚ ਅੱਗੇ ਵਧਣ ਦੀ ਆਪਣੀ ਮਨਸ਼ਾ ਨੂੰ ਰੱਖਿਆ। ਭਰਤੀ ਕਮੇਟੀ ਮੈਬਰਾਂ ਨੇ ਤੇਜੀ ਅਤੇ ਗੰਭੀਰਤਾ ਨਾਲ ਏਕਤਾ ਦੀ ਉੱਠ ਰਹੀ ਮੰਗ ਨੂੰ ਆਪਣੇ ਹੁਣ ਤੱਕ ਦੇ ਕਾਰਜ ਨੂੰ ਸਫਲਤਾ ਵਿਚ ਵੇਖਿਆ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਬੇਸ਼ਕ ਢਾਈ ਮਹੀਨੇ ਦਾ ਸਮਾਂ ਲੱਗਾ, ਏਕਤਾ ਦੀ ਗੱਲ ਨੂੰ ਨਾ ਸਿਰਫ ਮਹਿਸੂਸ ਕਰਵਾਉਣ ਲਈ ਸਗੋ ਪੰਜਾਬ ਅਤੇ ਪੰਥ ਲਈ ਏਕਤਾ ਦੀ ਕਿਉਂ ਲੋੜ ਹੈ ਇਹ ਦੱਸਣ ਅਤੇ ਸਮਝਾਉਣ ਲਈ, ਇਸ ਕਾਰਜ ਵਿੱਚ ਮਿਲੀ ਸਫਲਤਾ ਲਈ ਓਹ ਹਰ ਉਸ ਬਾਸ਼ਿੰਦੇ ਦੇ ਸ਼ੁਕਰਗੁਜਾਰ ਹਨ, ਜਿਹਨਾ ਨੇ 18 ਮਾਰਚ ਤੋਂ ਪੰਥ ਦੀ ਏਕਤਾ ਅਤੇ ਲੀਡਰਸ਼ਿਪ ਭਾਲ ਨੂੰ ਪੂਰਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੇ ਜਾਰੀ ਭਰਤੀ ਵਿੱਚ ਆਪਣਾ ਸਾਥ ਦਿੱਤਾ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਫ਼ਸੀਲ ਤੋ ਹੋਏ ਹੁਕਮਨਾਮੇ ਤੇ ਪਹਿਰਾ ਦੇਣਾ ਹਰ ਸਿੱਖ ਦਾ ਫਰਜ਼ ਨਹੀਂ ਨੈਤਿਕ ਜ਼ਿੰਮੇਵਾਰੀ ਹੈ। ਸਿੱਖ ਕੌਮ ਨੂੰ ਆਪਣੀ ਤਾਕਤ ਚਾਹੇ ਓਹ ਧਾਰਮਿਕ ਹੋਵੇ, ਸਿਆਸੀ ਹੋਵੇ, ਉਸ ਲਈ ਸਾਡਾ ਰਾਹ ਦਿਸੇਰਾ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹਨ। ਭਰਤੀ ਕਮੇਟੀ ਮੈਬਰਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਧੜੇ ਨੂੰ ਦੋ ਟੁੱਕ ਕਿਹਾ ਕਿ, ਜੇਕਰ ਉਹ ਬਿਖਰੀ ਹੋਈ ਪੰਥਕ ਸ਼ਕਤੀ ਦੇ ਏਕਾਕ੍ਰਿਤ ਕਰਨ ਦੇ ਹਮਾਇਤੀ ਹਨ, ਸਮਰਥਕ ਹਨ ਤਾਂ ਉਹ ਬਿਨਾਂ ਦੇਰੀ , ਬਿਨਾ ਕਿਸੇ ਕਿੰਤੂ ਪ੍ਰੰਤੂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਾ ਸਾਹਿਬ ਦੀ ਛਤਰ ਛਾਇਆ ਦਾ ਜਿੱਥੇ ਨਿੱਘ ਮਾਨਣ,ਉਥੇ ਹੀ ਆਪਣੇ ਧੜੇ ਦੀ, ਆਪਣੇ ਆਪ ਨੂੰ ਪ੍ਰਧਾਨ ਬਣਾਉਣ ਲਈ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਉਲਟ ਕੀਤੀ ਭਰਤੀ ਤੇ ਪਸ਼ਚਾਤਾਪ ਕਰਦੇ ਹੋਏ, ਆਪਣੇ ਧੜੇ ਦੀ ਪ੍ਰਧਾਨਗੀ ਛੱਡ ਕੇ ਪੰਥਕ ਏਕਤਾ ਅਤੇ ਸਿਆਸੀ ਮਜ਼ਬੂਤੀ ਲਈ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਦੀ ਮਿਸਾਲ ਦੇਣ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਓਹਨਾ ਨੂੰ ਫ਼ਸੀਲ ਤੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੀ ਸੇਵਾ ਇਸ ਲਈ ਮਿਲੀ ਕਿਉ ਕਿ ਫੈਸਲਾ ਲੈਣ ਵਾਲੀ ਲੀਡਰਸ਼ਿਪ ਸਮੂਹਿਕ ਰੂਪ ਵਿੱਚ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਾਰ ਗੁਆ ਚੁੱਕੀ ਹੈ, ਇਸ ਦਾ ਹੁਕਮਨਾਮਾ ਸਾਹਿਬ ਵਿੱਚ ਸਪੱਸ਼ਟਤਾ ਨਾਲ ਵਰਣਨ ਹੈ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਗੁਆਚੇ ਸਿਆਸੀ ਵਿਸ਼ਵਾਸ ਦੀ ਮੁੜ ਬਹਾਲੀ ਸਿਰਫ ਤੇ ਸਿਰਫ਼ ਹੁਕਮਨਾਮਾ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣ ਨਾਲ ਹੀ ਮਿਲ ਸਕਦੀ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਜਾਰੀ ਭਰਤੀ ਦੇ ਬਚੇ ਦਿਨਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਸੱਚੀ ਨਿਸ਼ਠਾ, ਸਮਰਪਣ ਭਾਵਨਾ ਦਾ ਸਬੂਤ ਦਿੰਦੇ ਹੋਏ ਭਰਤੀ ਕਾਪੀਆਂ ਪ੍ਰਾਪਤ ਕਰਕੇ ਭਰਤੀ ਦਾ ਹਿੱਸਾ ਜਰੂਰ ਬਣਿਆ ਜਾਵੇ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਹਊਮੇ, ਸਿਆਸੀ ਹੰਕਾਰ, ਜ਼ਿਦ ਹੱਠ ਤੋਂ ਨੂੰ ਪਿੱਛੇ ਰੱਖਕੇ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ ਹੈ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਦਿੱਲੀ ਤੋਂ ਚਲਦੇ ਹੁਕਮ, ਪੰਜਾਬ ਅਤੇ ਪੰਜਾਬੀਅਤ ਨਾਲ ਇਨਸਾਫ਼ ਨਹੀਂ ਕਰ ਸਕਦੇ। ਪੰਥ ਦੇ ਵਢੇਰੇ ਹਿੱਤਾਂ ਦੀ ਰਾਖੀ ਕਰਨ ਲਈ ਅਤੇ ਵੱਡੇ ਮਸਲਿਆਂ ਦੇ ਹੱਲ ਲਈ ਏਕਤਾ ਹੀ ਇਕੋ ਇੱਕ ਰਸਤਾ ਹੈ।
ਭਰਤੀ ਕਮੇਟੀ ਮੈਬਰਾਂ ਨੇ ਮੁੜ ਅਕਾਲੀ ਹਿਤੈਸ਼ੀ ਸੋਚ ਰੱਖਣ ਵਾਲੇ ਅਤੇ ਉਸ ਤੇ ਪਹਿਰਾ ਦੇਣ ਵਾਲੀ ਸੰਗਤ ਨੂੰ ਅਪੀਲ ਕੀਤੀ ਕਿ, ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸ਼ਕਤੀ ਨੂੰ ਧਾਰਨ ਕਰਦੇ ਹੋਏ, ਪੰਥ ਅਤੇ ਕੌਮ ਤੇ ਇਸ ਵੱਡੇ ਕਾਰਜ ਦਾ ਹਿੱਸਾ ਬਣਨਾ ਚਾਹੀਦਾ ਹੈ। ਅੱਜ ਹਰ ਪੰਜਾਬੀ ਚਾਹੇ ਓਹ ਸਿੱਖ ਹੈ, ਹਿੰਦੂ ਹੈ, ਮੁਸਲਿਮ ਹੈ, ਈਸਾਈ ਹੈ, ਕਿਸੇ ਵੀ ਧਰਮ ਨਾਲ ਸਬੰਧਤ ਹੈ,ਆਪਣੀ ਖੇਤਰੀ ਪ੍ਰਤੀਨਿਧ ਪਾਰਟੀ ਨੂੰ ਮਜ਼ਬੂਤ ਹੋਣਾ ਵੇਖਣਾ ਚਾਹੁੰਦਾ ਹੈ। ਭਰਤੀ ਕਮੇਟੀ ਮੈਬਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਜਾਰੀ ਭਰਤੀ ਮੁਹਿੰਮ ਤਹਿਤ ਓਹ ਘਰ ਘਰ ਖੇਤਰੀ ਪਾਰਟੀ ਦੀ ਮਜ਼ਬੂਤੀ ਅਤੇ ਲੋੜ ਨੂੰ ਪਹੁੰਚਾਉਣ ਵਿੱਚ ਕਾਮਯਾਬ ਰਹੇ। ਇਹੀ ਵਜ੍ਹਾ ਹੈ ਕਿ ਅੱਜ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਮਹਿਸੂਸ ਕਰਨ ਲੱਗੇ ਹਨ,ਪੰਜਾਬ ਦੀ ਤਰੱਕੀ, ਖੁਸ਼ਹਾਲੀ ਸਿਰਫ ਤੇ ਸਿਰਫ ਖੇਤਰੀ ਪਾਰਟੀ ਦੀ ਮਜ਼ਬੂਤੀ ਨਾਲ ਹੀ ਹੋ ਸਕਦੀ ਹੈ।