ਸਕੂਲ 'ਚ ਗੋਲੀਬਾਰੀ, 7 ਵਿਦਿਆਰਥੀਆਂ ਦੀ ਮੌਤ
ਆਸਟ੍ਰੀਆ, 10 ਜੂਨ 2025- ਆਸਟ੍ਰੀਆ ਦੇ ਸ਼ਹਿਰ ਗ੍ਰੇਜ਼ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਗੋਲੀਬਾਰੀ ਵਿੱਚ ਸ਼ੱਕੀ ਅਪਰਾਧੀ ਦੀ ਵੀ ਮੌਤ ਹੋ ਗਈ ਹੈ।
ਆਸਟ੍ਰੀਆ ਪ੍ਰੈਸ ਏਜੰਸੀ ਨੇ ਰਿਪੋਰਟ ਦਿੱਤੀ ਕਿ ਮੇਅਰ ਐਲਕੇ ਕਾਹਰ ਨੇ ਇਸ ਘਟਨਾ ਨੂੰ 'ਭਿਆਨਕ ਦੁਖਾਂਤ' ਦੱਸਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਵਿੱਚ ਸੱਤ ਵਿਦਿਆਰਥੀ ਅਤੇ ਇੱਕ ਬਾਲਗ ਸ਼ਾਮਲ ਹੈ। ਮੇਅਰ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਨੇ ਕੀ ਕਿਹਾ?
ਪੁਲਿਸ ਨੇ ਸੋਸ਼ਲ ਮੀਡੀਆ ਸਾਈਟ X 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਸਾਰਿਆਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ ਹੈ। ਪੁਲਿਸ ਦੇ ਅਨੁਸਾਰ, ਸਥਿਤੀ ਸੁਰੱਖਿਅਤ ਹੋ ਗਈ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਆਸਟ੍ਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਗ੍ਰੇਜ਼, ਦੇਸ਼ ਦੇ ਦੱਖਣ-ਪੂਰਬ ਵਿੱਚ ਸਥਿਤ ਹੈ ਅਤੇ ਇਸਦੀ ਆਬਾਦੀ ਲਗਭਗ 3 ਲੱਖ ਹੈ।
ਸਕੂਲ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਆਸਟਰੀਆ ਦੇ ਗ੍ਰਹਿ ਮੰਤਰੀ ਗੇਰਹਾਰਡ ਕਰਨਰ ਗ੍ਰੈਜ਼ ਸ਼ਹਿਰ ਲਈ ਰਵਾਨਾ ਹੋ ਗਏ ਹਨ। ਬ੍ਰਸੇਲਜ਼ ਵਿੱਚ ਯੂਰਪੀਅਨ ਯੂਨੀਅਨ ਦੀ ਬੁਲਾਰਨ ਪੌਲਾ ਪਿਨਹੋ ਨੇ ਕਿਹਾ, "ਅਸੀਂ ਪੀੜਤਾਂ ਦੇ ਪਰਿਵਾਰਾਂ ਅਤੇ ਆਸਟਰੀਆ ਦੇ ਗ੍ਰੈਜ਼ ਸ਼ਹਿਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਅਸੀਂ ਸਕੂਲ ਵਿੱਚ ਹੋਈ ਇਸ ਭਿਆਨਕ ਘਟਨਾ ਤੋਂ ਬਾਅਦ ਸੋਗ ਵਿੱਚ ਇਕੱਠੇ ਖੜ੍ਹੇ ਹਾਂ ਅਤੇ ਇਨਸਾਫ਼ ਦੀ ਮੰਗ ਕਰਦੇ ਹਾਂ।"