Bathinda Special Story: ਕੀ ਸਿਆਸਤ ਦੇ ਪੈਰ ਹੇਠ ਮਿੱਧਿਆ ਗਿਆ DSP ਸਿਟੀ ਹਰਬੰਸ ਸਿੰਘ ਧਾਲੀਵਾਲ?
ਅਫਸਰਾਂ ਵਿੱਚ ਬਣਿਆ ਸਹਿਮ ਦਾ ਮਹੌਲ
ਅਸ਼ੋਕ ਵਰਮਾ
ਬਠਿੰਡਾ, 9 ਜੂਨ 2025: ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਨੂੰ ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਲਾਪਰਵਾਹੀ ਵਰਤਣ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਾਲੀਵਾਲ ਨੇ ਨਾ ਸਿਰਫ਼ ਨਸ਼ਿਆਂ ਦੇ ਮਾਮਲਿਆਂ ਵਿੱਚ ਸਗੋਂ ਸੰਗਠਿਤ ਅਪਰਾਧਾਂ ਵਿਰੁੱਧ ਵੀ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਹੈ। ਹਰਬੰਸ ਸਿੰਘ ਧਾਲੀਵਾਲ ਬਠਿੰਡਾ ਵਿੱਚ ਡੀਐਸਪੀ ਸਿਟੀ-1 ਵਜੋਂ ਸੇਵਾ ਨਿਭਾ ਰਹੇ ਸਨ ਜਿੰਨ੍ਹਾਂ ਦੇ ਅਧੀਨ ਥਾਣਾ ਕੋਤਵਾਲੀ ਅਤੇ ਥਾਣਾ ਕੈਨਾਲ ਕਲੋਨੀ ਆਉਂਦੇ ਸਨ। ਇਸ ਦੇ ਉਲਟ ਸ਼ਹਿਰ ਵਿੱਚ ਚੁੰਝ ਚਰਚਾ ਚੱਲ ਰਹੀ ਹੈ ਕਿ ਨਸ਼ਿਆਂ ਦੀ ਤਸਕਰੀ ਖਿਲਾਫ ਵਿੱਢੀ ਪੰਜਾਬ ਪੁਲਿਸ ਦੀ ਜੰਗ ਦੌਰਾਨ ਇੱਕ ਫਰਜਸ਼ਾਨਸ਼ ਅਫਸਰ ਵਜੋਂ ਮੋਹਰੀ ਭੂਮਿਕਾ ਨਿਭਾਉਣ ਵਾਲਾ ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਸਿਆਸਤ ਦੇ ਪੈਰ ਹੇਠਾਂ ਮਿੱਧਿਆ ਗਿਆ ਹੈ। ਸ਼ਹਿਰ ਦੇ ਸਿਆਸੀ ਅਤੇ ਪ੍ਰਸ਼ਾਸ਼ਕੀ ਗਲਿਆਰਿਆਂ ਵਿੱਚ ਇਨ੍ਹਾਂ ਚਰਚਾਵਾਂ ਨੇ ਜੋਰ ਫੜਿਆ ਹੋਇਆ ਹੈ।
ਲੋਕ ਤਾਂ ਇੱਥੋਂ ਤੱਕ ਆਖਦੇ ਹਨ ਕਿ ਜਿਸ ਡੀਐਸਪੀ ਨੇ ਆਪਣੇ ਹੀ ਮਹਿਕਮੇ ਦੀ ਇੱਕ ਮੁਲਾਜਮ ਖਿਲਾਫ ਕਾਰਵਾਈ ਕਰਨ ਵੇਲੇ ਰਤਾ ਵੀ ਝਿਜਕ ਨਹੀਂ ਦਿਖਾਈ ਉਹ ਇੱਕਦਮ ਐਨਾ ਮਾੜਾ ਕਿੰਜ ਹੋ ਗਿਆ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਮੁਅੱਤਲੀ ਵਰਗੀ ਸਖਤ ਅਤੇ ਅਣਕਿਆਸੀ ਕਰਨੀ ਪਈ ਹੈ। ਹਾਲਾਂਕਿ ਇਸ ਮੁੱਦੇ ਨੂੰ ਲੈਕੇ ਕੋਈ ਵੀ ਅਧਿਕਾਰੀ ਕਿਸੇ ਵੀ ਕਿਸਮ ਦੀ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੋਇਆ ਪ੍ਰੰਤੂ ਸ਼ਹਿਰ ਵਿੱਚ ਇਸ ਕਾਰਵਾਈ ਨੂੰ ਨਸ਼ਿਆਂ ਦੀ ਥਾਂ ਕੁੱਝ ਵੱਡੇ ਸਿਆਸੀ ਲੀਡਰਾਂ ਦੀ ਆਪਸੀ ਖਿੱਚੋਤਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਚਰਚਾ ਕੁੱਝ ਇਸ ਤਰਾਂ ਹੈ ਕਿ ਇੰਨ੍ਹਾਂ ਆਗੂਆਂ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਚੱਲ ਅੰਦਰੂਨੀ ਠੰਢੀ ਜੰਗ ਕਾਰਨ ਕੁੱਝ ਦਿਨ ਪਹਿਲਾਂ ਡੀਐਸਪੀ ਧਾਲੀਵਾਲ ਖਿਲਾਫ ਸ਼ਕਾਇਤਾਂ ਦਾ ਦੌਰ ਸ਼ੁਰੂ ਹੋਇਆ ਸੀ ਜਿਸ ਦਾ ਸਿੱਟਾ ਹੁਣ ਮੁਅੱਤਲੀ ਦੇ ਰੂਪ ’ਚ ਨਿਕਲਿਆ ਹੈ।
ਸੂਤਰ ਦੱਸਦੇ ਹਨ ਕਿ ਮੁਅੱਤਲੀ ਦਾ ਕਾਰਨ ਆਪਣੇ ਅਧੀਨ ਆਉਂਦੇ ਇਲਾਕੇ ਵਿੱਚ ਨਸ਼ਿਆਂ ਖਿਲਾਫ ਢੁੱਕਵੀਂ ਕਾਰਵਾਈ ਨਾਂ ਕਰਨਾ ਹੈ ਪਰ ਸ਼ਹਿਰ ’ਚ ਇਹ ਗੱਲ ਕਿਸੇ ਦੇ ਵੀ ਸੰਘੋਂ ਹੇਠਾਂ ਉੱਤਰਨ ਨੂੰ ਤਿਆਰ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਕਈ ਲੋਕ ਅਜਿਹੇ ਹਨ ਜਿੰਨ੍ਹਾਂ ਖਿਲਾਫ ਕਾਰਵਾਈ ਨਹੀਂ ਹੋਣੀ ਸੀ। ਡੀਐਸਪੀ ਹਰਬੰਸ ਸਿੰਘ ਨੂੰ ਮਹਿਕਮੇ ਵਿੱਚ ਨਸ਼ਾ ਤਸਕਰੀ ਤੇ ਅਪਰਾਧਿਕ ਅਨਸਰਾਂ ਖਿਲਾਫ ਕਾਫੀ ਸਖਤ ਮਿਜਾਜ ਮੰਨਿਆ ਜਾਂਦਾ ਹੈ। ਹੁਣ ਹੀ ਨਹੀਂ ਬਲਕਿ ਕਈ ਥਾਣਿਆਂ ਦੇ ਮੁੱਖ ਥਾਣਾ ਅਫਸਰ ਵਜੋਂ ਧਾਲੀਵਾਲ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਸੀ। ਦੂਜੇ ਪਾਸੇ ਸਰਕਾਰੀ ਕਾਰਵਾਈ ਮੁਤਾਬਕ ਡੀਐਸਪੀ ਹਰਬੰਸ ਸਿੰਘ ਆਪਣੇ ਅਧੀਨ ਆਉਂਦੇ ਇਲਾਕੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੇ ਹਨ। ਪੰਜਾਬ ਸਰਕਾਰ ਨੂੰ ਲਗਾਤਾਰ ਜਾਣਕਾਰੀ ਮਿਲ ਰਹੀ ਸੀ ਕਿ ਬਠਿੰਡਾ ਵਿੱਚ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ।
ਇਹ ਵੀ ਕਿਹਾ ਗਿਆ ਹੈ ਕਿ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ, ਡੀਐਸਪੀ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁਅੱਤਲ ਕਰਨਾ ਪਿਆ ਹੈ। ਗੌਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਨਸ਼ਿਆਂ ਵਿਰੁੱਧ ਜੰਗ ਵਿੱਚ ਕੋਈ ਨਰਮੀ ਨਾਂ ਵਰਤਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਸਨ। ਇਹ ਵੀ ਸਪੱਸ਼ਟ ਕੀਤਾ ਸੀ ਕਿ ਕੋਈ ਵੀ ਅਧਿਕਾਰੀ, ਭਾਵੇਂ ਉਸਦਾ ਰੈਂਕ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਲਾਪਰਵਾਹੀ ਲਈ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ। ਮੁੱਖ ਮੰਤਰੀ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਸਨ ਕਿ ਜੇਕਰ ਕਿਸੇ ਵੀ ਇਲਾਕੇ ਵਿੱਚ ਨਸ਼ੇ ਵੇਚੇ ਜਾਣ ਸਬੰਧੀ ਗੱਲ ਸਾਹਮਣੇ ਆਉਂਦੀ ਹੈ ਅਤੇ ਇਸ ਮਾਮਲੇ ਵਿੱਚ ਕੋਈ ਢੁੱਕਵਂੀ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਉਸ ਜਿਲ੍ਹੇ ਦੇ ਜਿਲ੍ਹਾ ਪੁਲਿਸ ਮੁਖੀ ਅਤੇ ਸਬੰਧਤ ਡੀਐਸਪੀ ਦੀ ਹੋਵੇਗੀ।
ਵਿਭਾਗੀ ਜਾਂਚ ਪਿੱਛੋਂ ਕਾਰਵਾਈ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਡੀਐਸਪੀ ਹਰਬੰਸ ਸਿੰਘ ਨੂੰ ਮੁਅੱਤਲ ਕਰਨ ਦਾ ਕਾਰਨ ਕੱੁਝ ਸੰਗੀਨ ਜ਼ੁਰਮਾਂ , ਕੁੱਝ ਵਪਾਰਕ ਪੱਧਰ ਦੇ ਐਨਡੀਪੀਐਸ (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ) ਮਾਮਲਿਆਂ ਅਤੇ ਕਈ ਸੰਗਠਿਤ ਅਪਰਾਧਾਂ ਵਿੱਚ ਪ੍ਰਭਾਵਸ਼ਾਲੀ ਕਾਰਵਾਈ ਨਾ ਕਰਨਾ ਰਿਹਾ ਹੈ। ਐਸਐਸਪੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁਅੱਤਲ ਕੀਤੇ ਡੀਐਸਪੀ ਦਾ ਕਿਸੇ ਵੀ ਨਸ਼ਾ ਤਸਕਰ ਨਾਲ ਕੋਈ ਸਬੰਧ ਨਹੀਂ ਪਾਇਆ ਗਿਆ ਹੈ ਅਤੇ ਨਾ ਹੀ ਡੀਐਸਪੀ ਖਿਲਾਫ ਕੋਈ ਖਾਸ ਸ਼ਿਕਾਇਤ ਸੀ। ਉਨ੍ਹਾਂ ਕਿਹਾ ਕਿ ਪੁਲਿਸ ਹੈਡਕੁਆਟਰ ਤਰਫੋਂ ਇਹ ਕਾਰਵਾਈ ਵਿਭਾਗੀ ਜਾਂਚ ਤੋਂ ਬਾਅਦ ਕੀਤੀ ਗਈ ਹੈ।
ਅਫਸਰਾਂ ਵਿੱਚ ਸਹਿਮ ਦਾ ਮਹੌਲ
ਡੀਐਸਪੀ ਦੀ ਮੁਅੱਤਲੀ ਤੋਂ ਬਾਅਦ ਭਾਵੇਂ ਸਿੱਧੇ ਤੌਰ ਤੇ ਕੋਈ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਸੀਨੀਅਰ ਪੁਲਿਸ ਅਫਸਰਾਂ ਸਮੇਤ ਖੁਦ ਨੂੰ ਖੱਬੀਖਾਨ ਅਖਵਾਉਣ ਵਾਲੇ ਥਾਣੇਦਾਰਾਂ ’ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਦੋ ਦਿਨ ਪਹਿਲਾਂ ਵਿਜੀਲੈਂਸ ਦੇ ਐਸਐਸਪੀ ਤੋਂ ਇਲਾਵਾ ਪਿਛੋਕੜ ’ਚ ਵਿਜੀਲੈਂਸ ਦੇ ਡਾਇਰੈਕਟਰ ਸਮੇਤ ਕਈ ਸੀਨੀਅਰ ਪੁਲਿਸ ਅਫਸਰਾਂ ਖਿਲਾਫ ਕੀਤੀ ਗਈ ਸਖਤ ਕਾਰਵਾਈ ਕਾਰਨ ਅਫਸਰ ਹਰੇਕ ਨਿੱਕੇ ਮੋਟੇ ਮਾਮਲੇ ਵਿੱਚ ਕਦਮ ਫੂਕ ਫੂਕ ਕੇ ਰੱਖਣ ਲੱਗੇ ਹਨ। ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਥਿਤੀ ਇਹ ਹੈ ਕਿ ਥਾਣਿਆਂ ’ਚ ਸ਼ਕਾਇਤਾਂ ਲੈਕੇ ਆਉਣ ਵਾਲਿਆਂ ਨਾਲ ਵੀ ਮੁਲਾਜਮਾਂ ਲਹਿਜਾ ਬਦਲਿਆ ਹੈ ਤਾਂ ਜੋ ਕਿਸੇ ਕਿਸਮ ਦੀ ਪ੍ਰਸ਼ਾਸ਼ਕੀ ਕਾਰਵਾਈ ਤੋਂ ਬੱਚਤ ਰਹਿ ਸਕੇ।