ਬਾਰਡਰ 'ਤੇ ਚਿੜੀ ਨਾ ਫੜਕਣ ਦਿੱਤੀ! ਪੁਲਿਸ ਨੇ ਮੂੰਹ ਨ੍ਹੇਰੇ ਸੜਕਾਂ 'ਤੇ ਵਿਛਾਇਆ ਜਾਲ
ਰੋਹਿਤ ਗੁਪਤਾ
ਗੁਰਦਾਸਪੁਰ, 10 ਜੂਨ 2025- ਲੋਕਾਂ ਦੀ ਸੁਰੱਖਿਆ ਲਈ ਪੁਲਿਸ ਦਿਨ ਰਾਤ ਸਰਗਰਮ ਹੈ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਦੇਰ ਰਾਤ 12 ਵਜੇ ਤੋਂ ਬਾਅਦ ਡੀਐਸਪੀ ਅਤੇ ਐਸਐਚਓ ਰੈਂਕ ਦੇ ਅਧਿਕਾਰੀ ਸੜਕਾਂ ਤੇ ਨਜ਼ਰ ਆਏ। ਥਾਣਾ ਸਿਟੀ ਅਤੇ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਵੱਲੋਂ ਨਾਈਟ ਸ਼ਿਫਟ ਦੇ ਪੀਸੀਆਰ ਕਰਮਚਾਰੀਆਂ ਨੂੰ ਅਪਰਾਧ ਅਤੇ ਨਸ਼ਾ ਰੋਕਣ ਲਈ ਕੀ ਕੀ ਕਰਨਾ ਚਾਹੀਦਾ ਹੈ, ਅਤੇ ਦੇਰ ਰਾਤ ਸੜਕ ਤੇ ਨਜ਼ਰ ਆ ਰਹੇ ਵਿਅਕਤੀਆਂ ਕੋਲੋਂ ਕਿਵੇਂ ਪੁੱਛਗਿੱਛ ਕਰਨੀ ਹੈ ਇਸਦੇ ਬਾਰੇ ਹਦਾਇਤਾਂ ਦਿੱਤੀਆਂ ਗਈਆਂ। ਇਹੋ ਨਹੀਂ ਡੀਐਸਪੀ ਮੋਹਨ ਸਿੰਘ, ਐਸਐਚਓ ਸਦਰ ਅਮਨਦੀਪ ਸਿੰਘ ਅਤੇ ਐਸਐਚਓ ਸਿਟੀ ਦਵਿੰਦਰ ਪ੍ਰਕਾਸ਼ ਵੱਲੋਂ ਅੱਧੀ ਰਾਤ ਨੂੰ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵੀ ਕੀਤੀ ਗਈ ਤੇ ਵੱਖ ਵੱਖ ਨਾਕਿਆਂ ਦਾ ਜਾਇਜ਼ਾ ਵੀ ਲਿਆ ਗਿਆ।
ਜਾਣਕਾਰੀ ਦਿੰਦਿਆਂ ਐਸ ਐਚ ਓ ਸਦਰ ਅਮਨਦੀਪ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਤੇ ਲਗਾਤਾਰ ਨਾਈਟ ਪੀਸੀਆਰ ਕਰਮਚਾਰੀਆਂ ਦੀ ਬਰੀਫਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਅਪਰਾਧੀਆ ਤੇ ਪੂਰੀ ਤਰ੍ਹਾਂ ਨਾਲ ਨਜ਼ਰ ਰੱਖ ਸਕਣ ਅਤੇ ਅਪਰਾਧ ਅਤੇ ਨਸ਼ਾ ਰੋਕਣ ਵਿੱਚ ਆਪਣਾ ਯੋਗਦਾਨ ਪਾ ਸਕਣ । ਇਸ ਤੋਂ ਇਲਾਵਾ ਸ਼ਹਿਰ ਦੇ ਆਉਟਰ ਅਤੇ ਇੱਨਰ ਨਾਕਿਆਂ ਦੀ ਰਾਤ ਨੂੰ ਚੈਕਿੰਗ ਵੀ ਕੀਤੀ ਜਾਂਦੀ ਹੈ।
ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਰਾਤ ਦੀ ਸ਼ਿਫਟ ਵਿੱਚ ਸੱਤ ਪੀਸੀਆਰ ਦੀਆਂ ਟੀਮਾਂ ਹਨ ਜੋ ਸਾਰੀ ਰਾਤ ਸ਼ਹਿਰ ਦੇ ਹਰ ਇਲਾਕੇ ਵਿੱਚ ਗਸ਼ਤ ਕਰਦੀਆਂ ਹਨ, ਜਦਕਿ ਸ਼ਹਿਰ ਵਿੱਚ ਐਂਟਰ ਕਰਨ ਵਾਲੇ ਹਾਈਟੈਕ ਨਾਕੇ ਬੱਬਰੀ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੱਖ-ਵੱਖ ਚੌਂਕਾਂ ਵਿੱਚ ਲੱਗੇ ਪੱਕੇ ਨਾਕਿਆਂ ਤੇ ਤੈਨਾਤ ਪੁਲਿਸ ਕਰਮਚਾਰੀ ਵੀ ਦਿਨ ਰਾਤ ਸਰਗਰਮ ਰਹਿੰਦੇ ਹਨ।