ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ ਹਾਈਪਰਟੈਂਸ਼ਨ: ਡਾ. ਸਵਪਨਜੀਤ ਕੌਰ
ਵਿਸ਼ਵ ਹਾਈਪਰਟੈਂਸ਼ਨ ਜਾਗਰੂਕਤਾ ਮਹੀਨੇ ਮੌਕੇ ਜ਼ਿਲ੍ਹਾ ਹਸਪਤਾਲ ਵਿਖੇ ਸੈਮੀਨਾਰ ਦਾ ਕੀਤਾ ਆਯੋਜਨ
ਟੋਲ ਫਰੀ ਨੰਬਰ 18008899389 ਤੇ ਐਮ.ਸੀ.ਏਚ. ਸੇਵਾਵਾਂ, ਪੋਸਟ ਨੈਟਲ ਕੇਅਰ, ਗੈਰ ਸੰਚਾਰੀ ਰੋਗਾਂ ਸਬੰਧੀ ਜਾਣਕਾਰੀ ਕੀਤੀ ਜਾ ਸਕਦੀ ਹੈ ਪ੍ਰਾਪਤ
ਰੂਪਨਗਰ, 22 ਮਈ: 'ਹਾਈਪਰਟੈਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਇਕ ਅਜਿਹੀ ਬਿਮਾਰੀ ਹੈ ਜੋ ਸਾਡੀਆਂ ਗਲਤ ਆਦਤਾਂ ਤੇ ਤਣਾਅ ਕਾਰਨ ਹੁੰਦੀ ਹੈ ਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ ਤੇ ਇਸ ਤੋਂ ਬਚਾਅ ਜ਼ਰੂਰੀ ਹੈ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਨੇ ਸਿਵਲ ਹਸਪਤਾਲ ਰੂਪਨਗਰ ਵਿਖੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਨ ਮੌਕੇ ਕੀਤਾ।
ਇਸ ਵਿਸ਼ੇਸ਼ ਸੈਮੀਨਾਰ ਦਾ ਆਯੋਜਨ 17 ਮਈ ਤੋਂ 17 ਜੂਨ 2025 ਤੱਕ ਮਨਾਏ ਜਾ ਰਹੇ 'ਵਿਸ਼ਵ ਹਾਈਪਰਟੈਂਸ਼ਨ ਜਾਗਰੂਕਤਾ' ਮਹੀਨੇ ਦੇ ਚਲਦਿਆਂ ਨੂਰਾ ਹੈਲਥ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸੈਮੀਨਾਰ ਵਿੱਚ ਹਸਪਤਾਲ ਦੇ ਸਿਹਤ ਵਿਭਾਗ, ਨਰਸਿੰਗ ਸਟਾਫ, ਡਾਕਟਰਾਂ, ਆਸ਼ਾ ਵਰਕਰਾਂ ਅਤੇ ਆਮ ਲੋਕਾਂ ਨੇ ਭਾਗ ਲਿਆ।
ਸੈਮੀਨਾਰ ਦੀ ਸ਼ੁਰੂਆਤ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉੱਚ ਰਕਤਚਾਪ ਇੱਕ ਸਾਈਲੈਂਟ ਕਿਲਰ' ਹੈ ਜੋ ਅਕਸਰ ਕਿਸੇ ਲੱਛਣ ਦੇ ਬਿਨਾ ਹੀ ਵਿਅਕਤੀ ਨੂੰ ਪ੍ਰਭਾਵਿਤ ਕਰ ਜਾਂਦਾ ਹੈ। ਇਸ ਲਈ ਸਮੇਂ-ਸਮੇਂ 'ਤੇ ਰਕਤਚਾਪ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਹਾਈਪਰਟੈਂਸ਼ਨ ਦੇ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਦੇ ਮੁੱਖ ਕਾਰਨ ਲੰਬੇ ਸਮੇਂ ਦੀ ਤਣਾਅ ਭਰੀ ਜ਼ਿੰਦਗੀ, ਨਮਕ ਦੀ ਵੱਧ ਵਰਤੋਂ, ਨਸ਼ਿਆਂ ਦੀ ਆਦਤ (ਜਿਵੇਂ ਕਿ ਸ਼ਰਾਬ, ਸਿਗਰਟ), ਸ਼ਰੀਰਕ ਕਸਰਤ ਦੀ ਘਾਟ ਆਦਿ ਹਨ।
ਡਾ. ਸਵਪਨਜੀਤ ਕੌਰ ਨੇ ਕਿਹਾ ਕਿ ਅਕਸਰ ਹਾਈਪਰਟੈਂਸ਼ਨ ਦੇ ਸਾਫ਼ ਲੱਛਣ ਨਹੀਂ ਹੁੰਦੇ, ਪਰ ਕੁਝ ਲੋਕਾਂ ਨੂੰ ਸਿਰ ਦਰਦ, ਚੱਕਰ ਆਉਣਾ, ਥਕਾਵਟ ਅਤੇ ਦਿਲ ਦੀ ਧੜਕਣ ਤੇਜ਼ ਹੋਣ ਜਿਹੇ ਲੱਛਣ ਮਹਿਸੂਸ ਹੋ ਸਕਦੇ ਹਨ।
ਮੈਡੀਕਲ ਸਪੈਸ਼ਲਿਸਟ ਡਾ. ਪੁਨੀਤ ਸੈਣੀ ਨੇ ਦੱਸਿਆ ਕਿ ਹਾਈਪਰਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਬਣਦਾ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੌਰੇ ਅਤੇ ਗੁਰਦੇ ਦੀ ਬਿਮਾਰੀ ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜੋਰੀ) ਦਾ ਵੀ ਕਾਰਨ ਹੋ ਸਕਦਾ ਹੈ। ਬਹੁਤ ਸਾਰੇ ਲੋਕ ਜੋ ਹਾਈਪਰਟੈਂਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਜਿਆਦਾਤਰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਇਸਦਾ ਕੋਈ ਵੀ ਲੱਛਣ ਦਿਖਾਈ ਨਹੀਂ ਦਿੰਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ।
ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸੇਵਨ ਰੂਟੀਨ ‘ਚ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਵਧੇਰੇ ਕਸਰਤ ਕਰਨੀ ਚਾਹੀਦੀ ਹੈ ਅਤੇ ਆਪਣੇ ਖਾਣ-ਪੀਣ ‘ਤੇ ਧਿਆਨ ਕੇਂਦ੍ਰਤ ਕਰਨਾ ਚਾਹੀਦਾ ਹੈ। ਵਧੇਰੇ ਤੇਲ, ਮਸਾਲੇਦਾਰ ਭੋਜਨ ਅਤੇ ਵਧੇਰੇ ਨਮਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਚ ਰਕਤ ਚਾਪ ਤੋਂ ਬਚਣ ਲਈ
ਸਿਹਤਮੰਦ ਜੀਵਨਸ਼ੈਲੀ, ਨਮਕ ਦੀ ਵਰਤੋਂ ਘੱਟ ਕਰਨੀ, ਰੋਜ਼ਾਨਾ 30 ਮਿੰਟ ਦੀ ਸਰੀਰਕ ਕਸਰਤ, ਤਣਾਅ ਤੋਂ ਬਚਾਅ ਅਤੇ ਨਿਯਮਤ ਤੌਰ 'ਤੇ ਰਕਤਚਾਪ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਉਪਰੰਤ ਨੂਰਾ ਹੈਲਥ ਤੋਂ ਉਚੇਚੇ ਤੌਰ ਤੇ ਪਹੁੰਚੇ ਡਾ. ਦਿਵਿਆ ਵੱਲੋਂ ਲੋਕਾਂ ਨੂੰ ਨੂਰਾ ਹੈਲਥ ਰਾਹੀਂ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਅਤੇ ਉਨ੍ਹਾਂ ਦੇ ਇਲਾਜ ਸੰਬੰਧੀ ਦਿੱਤੀ ਜਾ ਰਹੀਆਂ ਸੇਵਾਵਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਵਿਅਕਤੀ ਟੋਲ ਫਰੀ ਨੰਬਰ 18008899389 ਤੇ ਕਾਲ ਕਰਕੇ ਐਮ.ਸੀ.ਏਚ. ਸੇਵਾਵਾਂ, ਪੋਸਟ ਨੈਟਲ ਕੇਅਰ , ਗੈਰ ਸੰਚਾਰੀ ਰੋਗਾਂ ਸਬੰਧੀ ਕਿਸੇ ਕਿਸਮ ਦੀ ਵੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੂਰਾ ਹੈਲਥ ਇੱਕ ਡਿਜੀਟਲ ਸਿਹਤ ਸੇਵਾ ਹੈ, ਜੋ ਭਾਰਤ ਵਿੱਚ ਮਰੀਜ਼ਾਂ ਨੂੰ ਆਸਾਨੀ ਨਾਲ ਸਿਹਤ ਸੰਬੰਧੀ ਜਾਣਕਾਰੀ, ਸਲਾਹਾਂ ਅਤੇ ਹਸਪਤਾਲ ਸਹੂਲਤਾਂ ਤੱਕ ਪਹੁੰਚ ਯਕੀਨੀ ਬਣਾਉਂਦੀ ਹੈ। ਇਹ ਸੇਵਾ ਵਿਸ਼ੇਸ਼ ਤੌਰ 'ਤੇ ਰੋਗੀ ਦੀ ਮਦਦ ਕਰਨ ਲਈ ਬਣਾਈ ਗਈ ਹੈ ਜੋ ਆਪਣੀ ਭਾਸ਼ਾ ਵਿੱਚ ਸਲਾਹ ਚਾਹੁੰਦੇ ਹਨ। ਇਸ ਸੇਵਾ ਰਾਹੀਂ ਦਵਾਈ ਲੈਣ ਜਾਂ ਜਾਂਚ ਕਰਵਾਉਣ ਲਈ ਨਿਯਮਤ ਰੀਮਾਈਂਡਰ ਮਿਲਦੇ ਹਨ। ਆਕਸਮੀਕ ਹਾਲਤ ਵਿੱਚ ਸਹੀ ਸਹੂਲਤ ਤੱਕ ਪਹੁੰਚਣ ਦੀ ਸਲਾਹ ਮਿਲਦੀ ਹੈ।
ਇਸ ਮੌਕੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਇੱਕ ਜਾਗਰੂਕਤਾ ਹੈਂਡ ਆਊਟ ਵੀ ਜਾਰੀ ਕੀਤਾ ਗਿਆ ਅਤੇ ਲੋਕਾਂ ਵਿੱਚ ਵੰਡਿਆ ਗਿਆ।
ਇਸ ਮੌਕੇ ਗਾਇਨੀਕਲੋਜਿਸਟ ਡਾ. ਨੀਰਜ, ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਗੁਰਸੇਵਕ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ ਤੇ ਮੈਡਮ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰਜ ਰਵਿੰਦਰ ਸਿੰਘ ਅਤੇ ਰਿਤੂ, ਐਲ.ਐਚ.ਵੀ. ਰਜਿੰਦਰ ਕੌਰ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਸਟਾਫ ਨਰਸ ਹਰਪ੍ਰੀਤ ਕੌਰ, ਗੁਰਮਿੰਦਰ ਸਿੰਘ, ਏ.ਐਨ.ਐਮ. ਭੁਪਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਹਾਜ਼ਰ ਸਨ।