ਮਮਤਾ ਦਿਵਸ ਮਹਿਜ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ, ਸਗੋਂ ਸਿਹਤਮੰਦ ਭਵਿੱਖ ਦੀ ਬੁਨਿਆਦ ਵੀ: ਡਾ. ਜੰਗਜੀਤ ਸਿੰਘ
ਕੀਰਤਪੁਰ ਸਾਹਿਬ:- 21 ਮਈ 2025 - ਸਿਹਤ ਵਿਭਾਗ ਵੱਲੋਂ ਪੇਂਡੂ ਇਲਾਕਿਆਂ ਵਿਚ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਮਹਿਜ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਸਗੋਂ ਮਾਪਿਆਂ ਲਈ ਇੱਕ ਆਸ ਬਣ ਕੇ ਉੱਭਰੀ ਹੈ। ਹਰ ਬੁੱਧਵਾਰ ਮਨਾਇਆ ਜਾਂਦਾ "ਮਮਤਾ ਦਿਵਸ" ਇਸ ਮੁਹਿੰਮ ਦੀ ਮਜ਼ਬੂਤ ਕੜੀ ਬਣ ਗਿਆ ਹੈ, ਜਿੱਥੇ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਮਾਪੇ ਖ਼ੁਦ ਬੱਚਿਆਂ ਨੂੰ ਟੀਕੇ ਲਗਵਾਉਣ ਲਈ ਸਿਹਤ ਕੇਂਦਰਾਂ 'ਤੇ ਲੈ ਕੇ ਆ ਰਹੇ ਹਨ।
ਪੀ.ਐੱਚ.ਸੀ ਕੀਰਤਪੁਰ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਹਰ ਬੁੱਧਵਾਰ ਮਮਤਾ ਦਿਵਸ ਮੌਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਸਿਹਤ ਵਿਭਾਗ ਦੀ ਇਸ ਪਹਿਲਕਦਮੀ ਕਾਰਣ ਮਾਤਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿਚ ਗਿਰਾਵਟ ਆਈ ਹੈ। ਉਹਨਾਂ ਇਸ ਮੁਹਿੰਮ ਦੀ ਕਾਮਯਾਬੀ ਲਈ ਏ.ਐੱਨ.ਐੱਮ ਅਤੇ ਆਸ਼ਾ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਹਨਾਂ ਦੀ ਲਗਨ ਅਤੇ ਮਿਹਨਤ ਕਾਰਨ ਹੀ ਸੰਭਵ ਹੋਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਹਰ ਬੁੱਧਵਾਰ ਬਲਾਕ ਅਧੀਨ ਆਉਂਦੇ ਆਯੁਸ਼ਮਾਨ ਅਰੋਗਿਆ ਕੇਂਦਰਾਂ 'ਤੇ ਵੀ ਵਿਸ਼ੇਸ਼ ਟੀਕਾਕਰਨ ਕੈਂਪ ਲਾਏ ਜਾਂਦੇ ਹਨ।
ਮਮਤਾ ਦਿਵਸ ਮੌਕੇ ਬੱਚਿਆਂ ਅਤੇ ਮਹਿਲਾਵਾਂ ਦੀ ਸਿਹਤ ਜਾਂਚ ਕਰ ਰਹੇ ਡਾਕਟਰ ਅਨੂ ਸ਼ਰਮਾ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਕੀਤਾ ਜਾਣ ਵਾਲਾ ਟੀਕਾਕਰਨ ਬੱਚਿਆਂ ਅਤੇ ਮਹਿਲਾਵਾਂ ਨੂੰ ਕਈ ਘਾਤਕ ਬਿਮਾਰੀਆਂ ਤੋਂ ਬਚਾਉਂਦਾ ਹੈ। ਉਹਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਿਹਤਮੰਦ ਭਵਿਖ ਦੀ ਨੀਂਹ ਰੱਖਦਿਆਂ ਉਹਨਾਂ ਦਾ ਟੀਕਾਕਰਨ ਸਮੇਂ ਸਿਰ ਕਰਵਾਉਂਦੇ ਰਹਿਣ ਦੀ ਅਪੀਲ ਕੀਤੀ।
ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਮਾਪਿਆਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ, ਆਈਐਫਏ ਗੋਲੀਆਂ ਦੇ ਲਾਭ, ਬੱਚੇ ਦੀ ਸਾਂਭ ਸੰਭਾਲ, ਸੁਰੱਖਿਅਤ ਜਣੇਪੇ ਅਤੇ ਪਰਿਵਾਰ ਨਿਯੋਜਨ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ।
ਪੀ.ਐੱਚ.ਸੀ ਵਿਖੇ ਲਗਾਏ ਗਏ ਕੈਂਪ ਵਿੱਚ ਐੱਲ.ਐੱਚ.ਵੀ ਸ਼੍ਰੀਮਤੀ ਸੁਨੀਤਾ ਕੁਮਾਰੀ, ਸਟਾਫ਼ ਨਰਸ ਹਰਜੀਤ ਕੌਰ, ਸੀ. ਐੱਚ.ਓ ਪੂਨਮ, ਏ.ਐੱਨ.ਐੱਮ ਜੋਤੀ ਕੁਮਾਰੀ, ਕੁਲਵਿੰਦਰ ਕੌਰ ਅਤੇ ਆਸ਼ਾ ਵਰਕਰ ਮੌਜੂਦ ਰਹੇ।