‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ਲਈ ਪ੍ਰਣ ਦਿਵਾਇਆ
ਅਸ਼ੋਕ ਵਰਮਾ
ਨਥਾਣਾ, 21 ਮਈ 2025:ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਰਾਹੀਂ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਅਧੀਨ ਬਲਾਕ ਨਥਾਣਾ ਦੇ ਪਿੰਡਾਂ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਕਲਿਆਣ ਮੱਲਕਾ, ਕਲਿਆਣ ਸੁੱਖਾ ਅਤੇ ਕਲਿਆਣ ਭਾਈ ਕਾ ਵਿਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਵਾਸੀਆਂ ਨਾਲ ਜਾਗਰੂਕਤਾ ਮੀਟਿੰਗਾਂ ਕੀਤੀਆਂ।ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਲੋਕਾਂ ਨੂੰ ਨਸ਼ਾ ਨਾ ਵਰਤਣ ਅਤੇ ਨਸ਼ਾ ਵਿਰੋਧੀ ਇਸ ਮੁਹਿੰਮ ਨਾਲ ਜੁੜਨ ਦਾ ਪ੍ਰਣ ਕਰਵਾਇਆ ਗਿਆ।
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਿੰਡ ਵਿੱਚ ਨਸ਼ਿਆਂ ਦੇ ਸੌਦਾਗਰਾਂ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਅਤੇ ਨਸ਼ਿਆਂ ਵਿਰੁੱਧ ਇਸ ਮੁਹਿੰਮ ਵਿਚ ਇਕਜੁੱਟ ਹੋ ਕੇ ਇਕ ਦੂਜੇ ਦਾ ਸਾਥ ਦੇਣ ਤਾਂ ਕਿ ਇਸ ਅਲਾਮਤ ਨੂੰ ਸਮਾਜ ਵਿਚੋਂ ਬਾਹਰ ਕੱਢਿਆ ਜਾ ਸਕੇ।ਇਸ ਨਸ਼ਾ ਮੁਕਤੀ ਮੁਹਿੰਮ ਵਿਚ ਸਿਹਤ ਵਿਭਾਗ ਦੀ ਭੂਮਿਕਾ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਤਿੰਨ ਪੜਾਵਾਂ ਉੱਪਰ ਲੋਕਾਂ ਨੂੰ ਨਸ਼ਾ ਛਡਾਉਣ ਸਬੰਧੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪਹਿਲੇ ਪੱਧਰ ਉੱਪਰ ਬਲਾਕ ਅਤੇ ਸਬ ਡਿਵੀਜ਼ਨ ਪੱਧਰ ਉਪਰ ਓਟ ਕਲੀਨਿਕ ਕੰਮ ਕਰ ਰਹੇ ਹਨ। ਇੱਥੇ ਮਰੀਜ਼ਾਂ ਨੂੰ ਆਈਡੀ ਕਾਰਡ ਬਣਾ ਕੇ ਰੋਜ਼ਾਨਾ ਦਵਾਈ ਦਿੱਤੀ ਜਾਂਦੀ ਹੈ । ਜ਼ਿਲ੍ਹਾ ਪੱਧਰ ਉੱਪਰ ਨਸ਼ਾ ਛਡਾਊ ਕੇਂਦਰ ਕਾਰਜ ਕਰ ਰਹੇ ਹਨ। ਇਹ ਕੇਂਦਰ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰ ਉੱਪਰ ਸਥਾਪਿਤ ਹੈ। ਉਹਨਾਂ ਕਿਹਾ ਕਿ ਇਥੇ ਵੱਧ ਮਾਤਰਾ ਵਿੱਚ ਨਸ਼ਾ ਲੈਣ ਵਾਲੇ ਲੋਕਾਂ ਨੂੰ ਦਾਖਲ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਤੀਜੇ ਪੱਧਰ ਉੱਪਰ ਰੀਹੈਬਿਟੇਸਨ ਸੈਂਟਰ ਕੰਮ ਕਰ ਰਹੇ ਹਨ। ਇਥੇ ਜਿਲਾ ਪੱਧਰ ਉੱਪਰ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਵੱਖ ਵੱਖ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਟ੍ਰੇਨਿੰਗ ਲੈਣ ਤੋਂ ਬਾਅਦ ਵਿਅਕਤੀ ਆਪਣਾ ਕੰਮ ਕਰਨ ਜਾਂ ਪ੍ਰਾਈਵੇਟ ਨੌਕਰੀ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਮੌਕੇ ਉਹਨਾਂ ਸੱਦਾ ਦਿੱਤਾ ਕਿ ਸਿਹਤ ਵਿਭਾਗ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ 108 ਟੋਲ ਫਰੀ ਨੰਬਰ ਉੱਪਰ ਕਦੋਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਬਲਾਕ ਐਕਸਟੈਂਸ਼ਨ ਐਜੂਕੇਟਰ ਪਵਨਜੀਤ ਕੌਰ ਨੇ ਦੱਸਿਆ ਕਿ ਸਿਹਤ ਬਲਾਕ ਨਥਾਣਾ ਦੇ ਸਮੂਹ ਸੀ.ਐਚ.ਓ., ਮਪਹ ਸੁਪਰਵਾਇਜ਼ਰ, ਮਪਹਵ ਮੇਲ ਅਤੇ ਫੀਮੇਲ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਇਸ ਮੁਹਿੰਮ ਵਿੱਚ ਜੁੱਟੇ ਹੋਏ ਹਨ। ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਬਣਦਾ ਸਹਿਯੋਗ ਦੇਣ ਅਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਮੁਹਿੰਮ ਨਾਲ ਜੋੜਨ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ।ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿਚ ਮੈਡੀਕਲ ਅਫ਼ਸਰ ਡਾਕਟਰ ਅਰੀਨਾ ਬਾਂਸਲ, ਸਿਹਤ ਸੁਪਰਵਾਈਜ਼ਰ ਅਜੈ ਕੁਮਾਰ, ਸਿਹਤ ਕਰਮੀ ਗੁਰਦਾਸ ਸਿੰਘ ਸਮੇਤ ਆਸ਼ਾ ਵਰਕਰ ਹਾਜ਼ਰ ਸਨ।