ਨਸ਼ਾ ਮੁਕਤੀ ਯਾਤਰਾ ਬਣੀ ਲੋਕ ਲਹਿਰ, ਹੁਣ ਜਲਦੀ ਹੋਵੇਗਾ ਨਸ਼ਿਆਂ ਦਾ ਸਫਾਇਆ : ਪ੍ਰੋ. ਗੱਜਣਮਾਜਰਾ
• ਪਿੰਡ ਲਸੋਈ, ਭੁਰਥਲਾ ਮੰਡੇਰ ਅਤੇ ਮੰਨਵੀ ਵਿਖੇ ਨਸ਼ਾ ਮੁਕਤੀ ਯਾਤਰਾ 'ਚ ਕੀਤੀ ਸ਼ਮੂਲੀਅਤ
ਲਸੋਈ/ਅਮਰਗੜ੍ਹ, 21 ਮਈ 2025 - ਪੰਜਾਬ ਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਪਰ ਮਿਸਾਲੀ ਕਾਰਵਾਈਆਂ ਕਰਕੇ ਬਹੁਤ ਹੱਦ ਤੱਕ ਨਸ਼ਾ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਹੈ। ਹੁਣ ਇਹ ਮੁਹਿੰਮ ਜ਼ਮੀਨੀ ਪੱਧਰ ਭਾਵ ਪਿੰਡਾਂ ਅਤੇ ਵਾਰਡਾਂ ਵਿਚੋਂ ਚੱਲਣ ਲੱਗੀ ਹੈ। ਜਿਸ ਤਹਿਤ ਹਰੇਕ ਪਿੰਡ ਵਾਸੀ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਲਸੋਈ ਵਿਖੇ ਹੋਏ ਨਸ਼ਾ ਮੁਕਤੀ ਯਾਤਰਾ ਦੇ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਉਪਰੰਤ ਇਹ ਨਸ਼ਾ ਮੁਕਤੀ ਯਾਤਰਾ ਦਾ ਪ੍ਰੋਗਰਾਮ ਪਿੰਡ ਭੁਰਥਲਾ ਮੰਡੇਰ ਅਤੇ ਮੰਨਵੀ ਵਿਖੇ ਕਰਵਾਇਆ ਗਿਆ।
ਆਪਣੇ ਸੰਬੋਧਨ ਵਿੱਚ ਵਿਧਾਇਕ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਲੋਕ ਲਹਿਰ ਬਣ ਗਈ ਹੈ ਅਤੇ ਹੁਣ ਜਲਦੀ ਹੀ ਪੰਜਾਬ ਵਿਚੋਂ ਨਸ਼ਿਆਂ ਦਾ ਸਫਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕ ਪੰਜਾਬ ਸਰਕਾਰ ਦਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਿਨਾ ਕਿਸੇ ਦਬਾਅ ਤੋਂ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ, ਸਗੋਂ ਨਸ਼ੇ ਦੇ ਖਾਤਮੇ ਦਾ ਸਮਾਜਿਕ ਸੰਕਲਪ ਹੈ।
ਉਨ੍ਹਾਂ ਆਪਣੇ ਹਲਕੇ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪ੍ਰਸ਼ਾਸ਼ਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ. 9115587200 ਅਤੇ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 9115518150 ਤੇ ਸਾਂਝੀ ਕਰ ਸਕਦੇ ਹਨ, ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਕੁਆਰਡੀਨੇਟਰ ਗੁਰਪ੍ਰੀਤ ਸਿੰਘ, ਸਰਪੰਚ ਸਵਰਣ ਕੌਰ, ਬੀ.ਡੀ.ਪੀ.ਓ ਬਬਲਜੀਤ ਕੌਰ, ਸਰਪੰਚ ਕਮਲਜੀਤ ਸਿੰਘ, ਸਰਪੰਚ ਪਰਮਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ,ਹਰਭਜਨ ਸਿੰਘ, ਨੰਬਰਦਾਰ ਜਸਪਾਲ ਸਿੰਘ, ਪੰਚਾਇਤ ਸਕੱਤਰ ਹਰਪ੍ਰੀਤ ਸਿੰਘ, ਪੰਚਾਇਤ ਸਕੱਤਰ ਰਣਯੋਧ ਸਿੰਘ, ਲਖਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਲੀ ਹਾਜਰ ਰਹੇ।