ਸਿੱਖਿਆ ਕ੍ਰਾਂਤੀ ਤਹਿਤ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਮੁਕੰਮਲ ਵਿਕਾਸ ਕਾਰਜਾਂ ਦੇ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 21 ਮਈ 2025 : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਸਿੱਖਿਆ ਕ੍ਰਾਂਤੀ ਆਮ ਲੋਕਾਂ ਦੇ ਮਨਾਂ ਵਿਚ ਸਿੱਖਿਆ ਦੀ ਅਹਿਮੀਅਤ ਪ੍ਰਤੀ ਚੇਤਨਤਾ ਪੈਦਾ ਕਰ ਰਹੀ ਹੈ।ਇਸ ਮੌਕੇ ਚੀਫ ਵਿੱਪ ਤੇ ਤਲਵੰਡੀ ਸਾਬੋ ਦੇ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਲੇਲੇਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਨਾਲ ਜਿੱਥੇ ਵਿਦਿਆਰਥੀ ਦਾ ਜੀਵਨ ਸੰਵਰਿਆ ਹੈ ਉੱਥੇ ਹੀ ਸ਼ਾਖਰਤਾ ਦਰ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਇਨਕਲਾਬੀ ਬਦਲਾਅ ਕੀਤੇ ਜਾ ਰਹੇ ਹਨ ਅਤੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਸਰਕਾਰੀ ਮਿਡਲ ਸਕੂਲ ਹਰਨਾਮ ਸਿੰਘ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਡੀਪੁਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਹਮੀਰਗੜ੍ਹ ਦੇ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਬੱਚਿਆਂ ਦਾ ਭਵਿੱਖ ਗੁਣਵੱਤਾ ਭਰਪੂਰ ਸਿੱਖਿਆ ਨਾਲ ਹੀ ਉਜਵੱਲ ਹੋ ਸਕਦਾ ਹੈ, ਜਿਸ ਲਈ ਸਕੂਲਾਂ ਵਿਚ ਚੰਗੇ ਅਧਿਆਪਕਾਂ, ਵਧੀਆ ਬੁਨਿਆਦੀ ਢਾਂਚੇ ਤੋਂ ਇਲਾਵਾ ਪੜ੍ਹਨ ਲਈ ਹਰ ਸਹੂਲਤ ਮੁਹੱਈਆ ਕਰਵਾਉਣੀ ਲਾਜ਼ਮੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪਹਿਲ ਕਰਦਿਆਂ ਸਿੱਖਿਆ ਨੂੰ ਲੋਕ ਲਹਿਰ ਬਣਾਇਆ।
ਸਿੱਖਿਆ ਕ੍ਰਾਂਤੀ ਦੇ ਮੱਦੇਨਜ਼ਰ ਚੇਅਰਮੈਨ ਰਾਕੇਸ਼ ਪੁਰੀ ਨੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਹੀ ਇਕ ਅਜਿਹੀ ਜਾਗਰੂਕਤਾ ਹੈ ਜੋ ਸਮਾਜ ਦੀ ਬੁਰੀ ਅਲ੍ਹਾਮਤ ਨਸ਼ੇ ਦਾ ਨਾਸ਼ ਕਰਨ ਵਿਚ ਸਹਾਈ ਸਿੱਧ ਹੁੰਦੀ ਹੈ। ਬੱਚਿਆਂ ਦੇ ਪੜ੍ਹ ਲਿਖ ਕੇ ਉੱਚ ਅਹੁਦਿਆਂ 'ਤੇ ਪਹੁੰਚਣ ਨਾਲ ਉਨ੍ਹਾਂ ਦੇ ਮਾਪਿਆਂ ਦਾ ਬੁਢਾਪਾ ਵੀ ਸੁਰੱਖਿਅਤ ਹੁੰਦਾ ਹੈ। ਇਸ ਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਆਦਿ ਹਾਜ਼ਰ ਸਨ।