ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ਵ ਹਾਇਪਰਟੈਂਸ਼ਨ ਜਾਗਰੂਕਤਾ ਮਹੀਨੇ ਮੌਕੇ ਪੋਸਟਰ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 21 ਮਈ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਸ਼ਵ ਹਾਇਪਰਟੈਂਸ਼ਨ ਦਿਵਸ ਜਾਗਰੂਕਤਾ ਮਹੀਨਾ ਸਬੰਧੀ ਦਫਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ ਜੋ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਲਗਾਇਆ ਜਾਵੇਗਾ ਅਤੇ ਹੋਰ ਪਬਲਿਕ ਥਾਵਾਂ 'ਤੇ ਵੀ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਹਾਇਪਰਟੈਂਸ਼ਨ ਦੀ ਬੀਮਾਰੀ ਇਸ ਦੇ ਮੁੱਢਲੇ ਲੱਛਣਾਂ ਅਤੇ ਲੋੜੀਂਦੀ ਜਾਣਕਾਰੀ ਬਾਰੇ ਸੂਚਿਤ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਨੇ ਦੱਸਿਆ ਕਿ ਹਾਇਪਰਟੈਂਸ਼ਨ ਇੱਕ ਐਸੀ ਸਥਿਤੀ ਹੈ ਜੋ ਆਮ ਤੌਰ 'ਤੇ ਕਿਸੇ ਲੱਛਣ ਦੇ ਬਿਨਾਂ ਹੀ ਅੰਦਰੂਨੀ ਤੌਰ 'ਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦਿਨ ਦੀ ਭੂਮਿਕਾ ਜੀਵਨ ਰੂਟੀਨ ਵਿੱਚ ਸਿਹਤਮੰਦ ਆਦਤਾਂ ਨੂੰ ਸ਼ਾਮਿਲ ਕਰਨ ਵੱਲ ਧਿਆਨ ਕੇਂਦਰਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਛੋਟੀ ਉਮਰ ਦੇ ਵਿਅਕਤੀ ਹਾਈਪਰਟੈਂਸ਼ਨ ਦੇ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਇਸ ਬੀਮਾਰੀ ਨੂੰ ਸਮੇਂ ਸਿਰ ਕੰਟਰੋਲ ਨਹੀਂ ਕਰਦੇ ਤਾਂ ਇਹ ਸਰੀਰ ਦੇ ਹੋਰਨਾਂ ਅੰਗਾਂ ਉਤੇ ਮਾਰੂ ਪ੍ਰਭਾਵ ਪਾਉਂਦੀ ਹੈ ਅਤੇ ਜਾਨਲੇਵਾ ਵੀ ਹੋ ਸਕਦੀ ਹੈ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਵੱਲੋਂ ਲੋਕਾਂ ਨੂੰ ਰੈਲੀਆਂ,ਕੈਂਪਾ,ਪੋਸਟਰ ਮੇਕਿੰਗ ਮੁਕਾਬਲੇ, ਸਾਇਕਲ ਰੈਲੀਆਂ ਆਦਿ ਰਾਂਹੀ ਜਾਗਰੂਕ ਕੀਤਾ ਜਾਵੇਗਾ । 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਆਪਣਾ ਬਲੱਡ ਪ੍ਰੈਸ਼ਰ ਚੈਕ ਕਰਵਾਂਉਦੇ ਰਹਿਣਾ ਚਾਹੀਦਾ ਹੈ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਵਿਅਕਤੀ ਦਵਾਈ ਨੂੰ ਹਰ ਰੋਜ਼ ਸਮੇਂ ਸਿਰ ਖਾਣ ਤੋਂ ਇਲਾਵਾ ਸਮੇਂ ਸਮੇਂ 'ਤੇ ਬੀ.ਪੀ. ਦੀ ਜਾਂਚ ਸਮੇਤ ਹੋਰ ਲੋੜੀਂਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।ਹਾਈਪਰਟੈਂਸ਼ਨ ਦੇ ਰਜਿਸਟਰਡ ਮਰੀਜ਼ਾਂ ਦੀ ਸਮੇਂ ਸਮੇਂ ਉਤੇ ਫਾਲੋਅੱਪ ਵੀ ਜ਼ਰੂਰੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਮਰੀਜ਼ ਸਮੇਂ ਸਿਰ ਦਵਾਈ ਦਾ ਸੇਵਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਹਾਈਪਰਟੈਂਸ਼ਨ ਤੋਂ ਪੀੜਤ ਵਿਅਕਤੀ ਦਵਾਈ ਦੇ ਨਾਲ ਨਾਲ ਪੋਸ਼ਟਿਕ ਖੁਰਾਕ, ਸਵੇਰ ਦੀ ਸੈਰ ਅਤੇ ਯੋਗਾ ਕਰਨਾ ਵੀ ਯਕੀਨੀ ਬਣਾਉਣ। ਆਸ਼ਾ ਵਰਕਰ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਕਿਹਾ ਕਿ ਸਬੰਧਿਤ ਖੇਤਰ ਵਿਚ ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਸਮੇਂ ਸਮੇਂ ਉਤੇ ਫਾਲੋ-ਅੱਪ ਵੀ ਯਕੀਨੀ ਬਣਾਉਣ ਤਾਂ ਜੋ ਇਸ ਬੀਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ। ਲੋਕਾਂ ਵਿਚ ਵੱਧ ਰਿਹਾ ਮਾਨਸਿਕ ਤਣਾਅ, ਗਲਤ ਖਾਣ-ਪੀਣ ਦੀਆਂ ਆਦਤਾਂ, ਮੋਟਾਪਾ, ਘੱਟ ਕਸਰਤ, ਸ਼ੂਗਰ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਆਦਿ ਹਾਈਪਰਟੈਂਸ਼ਨ ਦਾ ਕਾਰਨ ਬਣਦੇ ਹਨ । ਉਹਨਾਂ ਕਿਹਾ ਕਿ ਜੇਕਰ ਕਿਸੇ ਕੋਈ ਵਿਅਕਤੀ ਨੂੰ ਹਾਇਪਰਟੈਂਸ਼ਨ ਦੇ ਲੱਛਣ ਲੱਗਦੇ ਹਨ ਤਾਂ ਉਹ ਆਸ਼ਾ ਵਰਕਰ ਜਾਂ ਨਜਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਹੈ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ, ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ,ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ,ਡੀ.ਪੀ.ਐਮ ਗਾਇਤਰੀ ਮਹਾਜਨ, ਡੀ.ਈ.ਓ ਸੁਖਵਿੰਦਰ ਸਿੰਘ ਅਤੇ ਇੰਦੂ ਗੁਪਤਾ ਹਾਜਰ ਸਨ ।