ਨਸ਼ਾ ਮੁਕਤੀ ਯਾਤਰਾ’ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ਤੋਂ ਬਾਹਰ ਕੱਢ ਕੇ ਸਿਹਤਮੰਦ, ਸਸ਼ਕਤ ਅਤੇ ਉੱਜਵਲ ਭਵਿੱਖ ਵੱਲ ਲਿਜਾਣਾ – ਡਾ ਰਹਿਮਾਨ
* ਕਿਹਾ, ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਪੰਜਾਬ ਦੇ ਉਜਵੱਲ ਭਵਿੱਖ ਦੀ ਕਾਮਨਾ ਦਾ ਸੰਦੇਸ
ਮਾਲੇਰਕੋਟਲਾ 20 ਮਈ 2025 - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਏ ਜਾ ਰਹੇ "ਯੁੱਧ ਨਸ਼ਿਆਂ ਦੇ ਵਿਰੁੱਧ" ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਅੱਜ ਹਲਕਾ ਮਾਲੇਰਕੋਟਲਾ ਦੇ ਅਧੀਨ ਆਉਂਦੇ ਪਿੰਡ ਮਹੋਲੀ ਕਲਾਂ, ਮਹੋਲੀ ਖੁਰਦ ਅਤੇ ਭੂਦਨ ਵਿਖੇ ਵਿਧਾਇਕ ਮਾਲੇਕਰਕੋਟਲਾ ਡਾ ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਪੁਜੀ ।
ਵਿਧਾਇਕ ਮਾਲੇਕਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਪਿੰਡ ਮਹੋਲੀ ਕਲਾਂ ਵਿਖੇ ਇਸ ਯਾਤਰਾ ਦੇ ਪੁੱਜਣ ਤੇ ਨਿਵਾਸੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜੰਗ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੀ ਹੈ । ਇਸ ਲਈ ਬਹੁਮੁਖੀ ਰਣਨੀਤੀ ਉਲੀਕੀ ਗਈ ਹੈ ਤਾਂ ਜੋ ਨਸ਼ਿਆਂ ਤੇ ਸ਼ਿਕੰਜਾ ਕਸਿਆ ਜਾਵੇ ਅਤੇ ਨਸ਼ਾ ਗਰਸਤ ਲੋਕਾਂ ਨੂੰ ਸਮਾਜਿਕ ਲੀਹਾਂ ਤੇ ਮੁੜ ਲਿਆਂਦਾ ਜਾ ਸਕੇ । ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਅਤੇ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀ ਤਰਜੀਹ ਹੈ ਕਿ ਹਰ ਪਿੰਡ ਅਤੇ ਹਰ ਗਲੀ ਨੂੰ ਨਸ਼ਾ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ਤੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਸਿਹਤਮੰਦ, ਸਸ਼ਕਤ ਅਤੇ ਉੱਜਵਲ ਭਵਿੱਖ ਵੱਲ ਅਗਵਾਈ ਕਰਨਾ ਹੈ।
ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ । ਜ਼ਿਲ੍ਹਾ ਨਿਵਾਸੀਆਂ ਨੂੰ ਜੇਕਰ ਆਪਣੇ ਆਲੇ ਦੁਆਲੇ ਕੋਈ ਸ਼ੱਕੀ ਕਾਰਵਾਈ ਨਜ਼ਰ ਆਉਂਦੀ ਹੈ ਤਾਂ ਉਹ ਬੇਝਿਜਕ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ. 9115587200 ਅਤੇ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 9115518150 ਤੇ ਸਾਂਝੀ ਕਰ ਸਕਦੇ ਹਨ । ਸੂਚਨਾਂ ਦੇਣ ਵਾਲਿਆਂ ਦੀ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਪਿੰਡ ਨਿਵਾਸੀਆਂ ਨੂੰ ਨਸ਼ਾ ਤਸਕਰਾ ਦਾ ਸਾਥ ਨਾ ਦੇਣ ਲਈ ਵੀ ਕਿਹਾ ।
ਇਸ ਮੌਕੇ 'ਤੇ ਉਨ੍ਹਾਂ ਪਿੰਡ ਵਾਸੀਆਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਲਈ ਚਲਾਏ ਜਾ ਰਹੇ ਇਸ ਸਾਂਝੇ ਯਤਨ ਨੂੰ ਲੋਕਾਂ ਦਾ ਪੂਰਨ ਸਮਰਥਨ ਮਿਲ ਰਿਹਾ ਹੈ। ਨਸ਼ਾ ਮੁਕਤੀ ਯਾਤਰਾ ਆਉਂਦੇ ਦਿਨਾਂ ਵਿੱਚ ਹੋਰ ਪਿੰਡਾਂ ’ਚ ਪੁਜ ਕੇ ਪਿੰਡ ਨਿਵਾਸੀਆਂ ਨੂੰ ਜਾਗਰੂਕ ਕਰੇਗੀ ਤਾਂ ਜੋ ਪੂਰੇ ਖੇਤਰ ਨੂੰ ਨਸ਼ਿਆਂ ਦੀ ਲਪੇਟ ਤੋਂ ਬਾਹਰ ਕੱਢਿਆ ਜਾ ਸਕੇ।
ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਪਤਨੀ ਫਰਿਆਲ ਰਹਿਮਾਨ, ਕੁਆਡੀਨੇਟਰ ਨਸ਼ਾ ਛੁਡਾਓ ਕਮੇਟੀ ਸਿੰਗਾਰਾ ਸਿੰਘ (ਸਰਪੰਚ ਪਿੰਡ ਰੁੜਕਾ), ਸਰਪੰਚ ਸੁਖਵੀਰ ਸਿੰਘ, ਪੁਲਿਸ ਥਾਣਾ ਮੁਖੀ ਗਗਨਦੀਪ ਸਿੰਘ, ਬੀ.ਡੀ.ਪੀ.ਓ ਜਗਰਾਜ ਸਿੰਘ, ਬੁਲਾਰਾ ਹਰੀਪਾਲ ਸਿੰਘ ਕਸਬਾ ਭਰਾਲ,ਪੰਚਾਇਤ ਸਕੱਤਰ ਮੁਹੰਮਦ ਸਲੀਮ, ਐਸ.ਈ.ਪੀ.ਓ ਦਵਿੰਦਰ ਕੁਮਾਰ, ਸੀਨੀਅਰ ਆਪ ਆਗੂ ਨਿਰਮਲ ਸਿੰਘ ਮਹੋਲੀ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਹਾਜਰ ਸਨ।