ਮੁਕਤਸਰ ਪੁਲਿਸ ਵੱਲੋਂ ਜਾਗਰੂਕਤਾ ਪ੍ਰੋਗਰਾਮ ਦੌਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 20 ਮਈ 2025: ਐਸ.ਐਸ.ਪੀ ਡਾ. ਅਖਿਲ ਚੌਧਰੀ ਆਈ.ਪੀ.ਐਸ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਟਰੈਫਿਕ ਸੁਧਾਰਾਂ ਅਤੇ ਸੜਕੀ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੌਰਾਨ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਗਿਆ। ਡੀ.ਐਸ.ਪੀ ਅਮਨਦੀਪ ਸਿੰਘ ਅਤੇ ਅਵੇਅਰਨੈਸ ਟੀਮ ਵੱਲੋਂ ਡੇਰਾ ਭਾਈ ਮਸਤਾਨ ਸਿੰਘ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਇੱਕ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਟ੍ਰੈਫਿਕ ਇੰਚਾਰਜ ਐਸ.ਆਈ ਸੁਖਦੇਵ ਸਿੰਘ, ਅਵੇਅਰਨੈਸ ਟੀਮ ਇੰਚਾਰਜ ਏ.ਐਸ.ਆਈ ਹਰਿਮੰਦਰ ਸਿੰਘ ਏ.ਐਸ.ਆਈ ਗੁਰਜੰਟ ਸਿੰਘ ਜਟਾਣਾ, ਅਤੇ ਡੇਰਾ ਭਾਈ ਮਸਤਾਨ ਸਿੰਘ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਇਸ ਸੈਮੀਨਾਰ ਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਸ਼ਹਿਰ ਵਾਸੀਆਂ, ਵਹੀਕਲਾਂ ਦੇ ਡਰਾਈਵਰਾਂ ਵੱਲੋਂ ਭਾਗ ਲਿਆ ਗਿਆ । ਇਸ ਮੌਕੇ ਡੀ.ਐਸ.ਪੀ ਅਤੇ ਅਵੇਅਰਨੈਸ ਟੀਮ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ, ਜਾਗਰੂਕ ਕੀਤਾ ਗਿਆ ਉਹਨਾਂ ਕਿਹਾ ਕਿ ਵਹੀਕਲ ਚਲਾਉਣ ਲੱਗਿਆ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਚਾਹੀਦਾ, ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਅਤੇ ਦੋ ਪਈਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਕੂਲੀ ਬੱਚਿਆਂ ਨੇ ਪੁਲਿਸ ਸਟਾਫ ਨਾਲ ਰਲ ਕੇ ਖੁਦ ਰਸਤੇ ‘ਤੇ ਜਾ ਕੇ ਕਾਰਾਂ, ਦੋ ਪਈਆਂ ਅਤੇ ਹੋਰ ਵਾਹਨਾਂ ‘ਤੇ ਸਵਾਰ ਡਰਾਈਵਰਾਂ ਅਤੇ ਯਾਤਰੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਲੋਕਾਂ ਨੂੰ ਸੀਟ ਬੈਲਟ ਲਗਾਉਣ ਅਤੇ ਹੈਲਮਟ ਪਾਉਣ ਦੇ ਅਹਿਮੀਅਤ ਬਾਰੇ ਸਮਝਾਇਆ ਅਤੇ ਰਾਸਤੇ ਵਿੱਚ ਲਾਈਟਾਂ ਅਤੇ ਇੰਡੀਕੇਟਰ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਸ਼ੇ ਦੀ ਸਖ਼ਤ ਮਨਾਹੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਨਸ਼ੇ ਵਿੱਚ ਵਾਹਨ ਨਹੀਂ ਚਲਾਉਣਾ ਚਾਹੀਦਾ।
ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਵੱਲੋਂ ਜਨਤਾ ਨੂੰ ਸੁਰੱਖਿਅਤ ਯਾਤਰਾ ਲਈ ਅਪੀਲ ਕੀਤੀ ਗਈ, ਜਿਸਨੂੰ ਲੋਕਾਂ ਨੇ ਬਹੁਤ ਹੀ ਪਿਆਰ ਨਾਲ ਸਵੀਕਾਰਿਆ। ਇਸ ਤਰ੍ਹਾਂ ਦੇ ਕਾਰਜਕ੍ਰਮਾਂ ਨਾਲ ਨਵੇਂ ਪੀੜ੍ਹੀ ਵਿੱਚ ਟਰੈਫਿਕ ਸੁਰੱਖਿਆ ਸੰਬੰਧੀ ਜਾਗਰੂਕਤਾ ਪੈਦਾ ਹੋ ਰਹੀ ਹੈ ਜੋ ਜ਼ਿਲ੍ਹੇ ਵਿੱਚ ਸੜਕਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ ਸਿਰਫ ਕਾਨੂੰਨ ਦੀ ਸਖ਼ਤੀ ਹੀ ਨਹੀਂ, ਸਗੋਂ ਸਮਾਜਕ ਜ਼ਿੰਮੇਵਾਰੀ ਅਤੇ ਵਿਦਿਆਰਥੀਆਂ ਦੇ ਭਾਗੀਦਾਰੀ ਨਾਲ ਹੀ ਸਾਡਾ ਜ਼ਿਲ੍ਹਾ ਅੰਦਰ ਸ਼ੜਕੀ ਹਾਦਸਿਆਂ ਤੋਂ ਬਚਾਇਆ ਜਾ ਸਕਦਾ ਹੈ।
ਜਿਲ੍ਹੇ ਦੀ ਪੁਲਿਸ ਟੀਮ ਵੱਲੋਂ ਨਿਰੰਤਰ ਇਸ ਪ੍ਰਕਾਰ ਦੇ ਜਾਗਰੂਕਤਾ ਪ੍ਰੋਗਰਾਮ ਰਾਹੀਂ ਸੜਕ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਰੂਰ ਕਰੋ ਅਤੇ ਖ੍ਰੀਦਦਾਰੀ ਕਰਦੇ ਸਮੇਂ ਆਪਣੇ ਵਹੀਕਲ ਬਜ਼ਾਰਾਂ ਅੰਦਰ ਸਿਰਫ ਪਾਰਕਿੰਗ ਵਾਲੀ ਥਾਂ ਤੇ ਹੀ ਪਾਰਕ ਕੀਤੇ ਜਾਣ। ਉਨਾਂ ਕਿਹਾ ਕਿ ਵਹੀਕਲ ਚਲਾਉਣ ਲੱਗਿਆ ਅਗਲੇ ਵਹੀਕਲ ਦਾ ਫਾਸਲਾ ਜਰੂਰ ਰੱਖੋ ਅਤੇ ਦੂਸਰੇ ਵਹੀਕਲ ਨੂੰ ਓਵਰਟੇਕ ਕਰਨ ਲੱਗਿਆਂ ਅੱਗੇ ਪਿੱਛੇ ਧਿਆਨ ਜਰੂਰ ਰੱਖੋ, ਉਨ੍ਹਾਂ ਕਿਹਾ ਕਿ ਵਹੀਕਲ ਚਲਾਉਣ ਲੱਗਿਆ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰੋ ਅਤੇ ਹਰ ਵਹੀਕਲ ਤੇ ਰਿਫਲੈਕਟਰ ਜਰੂਰ ਲਗਾਓ ਕਿਉਂਕਿ ਰਾਤ ਸਮੇਂ ਗੱਡੀਆਂ ਦਾ ਦਿਖਣਾ ਮੁਸ਼ਕਲ ਹੋ ਜਾਂਦਾ ਹੈ, ਵਹੀਕਲ ਦੀਆਂ ਲਾਈਟਾਂ ਹਮੇਸ਼ਾ ਲੋ ਬੀਮ ਵਿੱਚ ਚਲਾਓ, ਜਿਸ ਕਰਕੇ ਸਾਹਮਣੇ ਆ ਰਿਹਾ ਵਹੀਕਲ ਪੂਰੀ ਤਰ੍ਹਾਂ ਦਿਖ ਸਕੇ। ਹੈਵੀ ਵਹੀਕਲਾਂ ਨੂੰ ਸ਼ਹਿਰ ਅੰਦਰ ਨਾ ਲੈ ਕੇ ਜਾਓ। ਜਲਦਬਾਜ਼ੀ ਵਿੱਚ ਵਹੀਕਲ ਨਾ ਚਲਾਓ। ਇਸ ਮੌਕੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਪਿਆਂ ਵੱਲੋਂ ਛੋਟੀ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਲਈ ਦਿੱਤਾ ਜਾਵੇ।