ਸਪੱਸ਼ਟ ਹਦਾਇਤਾਂ ਦੀ ਘਾਟ ਕਾਰਣ ਮਨਜ਼ੂਰਸ਼ੁਦਾ ਅਤੇ ਸਰਪਲੱਸ ਅਸਾਮੀਆਂ ਦੀ ਜਾਣਕਾਰੀ ਅਪਡੇਟ ਕਰਨਾ ਸੰਭਵ ਨਹੀਂ : ਡੀ ਟੀ ਐੱਫ
- ਸਪੱਸ਼ਟ ਹਦਾਇਤਾਂ ਦੇ ਨਾਲ ਨਾਲ ਅਸਾਮੀਆਂ ਦੇ ਵੇਰਵੇ ਅਪਡੇਟ ਕਰਨ ਦੀ ਅੰਤਿਮ ਮਿਤੀ 25 ਮਈ ਕੀਤੀ ਜਾਵੇ: ਡੀਟੀਐੱਫ
ਦਲਜੀਤ ਕੌਰ
ਚੰਡੀਗੜ੍ਹ, 20 ਮਈ, 2025: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਈ ਪੰਜਾਬ ਪੋਰਟਲ 'ਤੇ ਸਕੂਲ ਵਿਚਲੀਆਂ ਮਨਜ਼ੂਰਸ਼ੁਦਾ ਅਸਾਮੀਆਂ ਅਤੇ ਸਰਪਲੱਸ ਅਸਾਮੀਆਂ ਬਾਰੇ ਜਾਣਕਾਰੀ ਅਪਡੇਟ ਕਰਨ ਦੇ ਦਿੱਤੇ ਆਦੇਸ਼ਾਂ ਨੂੰ ਅਧੂਰੇ ਆਦੇਸ਼ ਦੱਸਦਿਆਂ ਮੰਗ ਕੀਤੀ ਕਿ ਇੰਨ੍ਹਾਂ ਹੁਕਮਾਂ ਦੇ ਨਾਲ ਨਾਲ ਸਿੱਖਿਆ ਵਿਭਾਗ ਸਪਸ਼ਟ ਹਦਾਇਤਾਂ ਜਾਰੀ ਕਰੇ ਕਿ ਅਸਾਮੀਆਂ ਦੀ ਗਿਣਤੀ ਕਿਸ ਅਧਾਰ 'ਤੇ ਕੀਤੀ ਜਾਣੀ ਹੈ।
ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਕੂਲ ਮੁਖੀਆਂ ਵੱਲੋਂ ਈ ਪੰਜਾਬ ਪੋਰਟਲ 'ਤੇ ਸਕੂਲ ਵਿਚਲੀਆਂ ਮਨਜ਼ੂਰਸ਼ੁਦਾ ਅਸਾਮੀਆਂ ਅਤੇ ਸਰਪਲੱਸ ਅਸਾਮੀਆਂ ਬਾਰੇ ਜਾਣਕਾਰੀ 20 ਮਈ ਤੱਕ ਅਪਡੇਟ ਕੀਤੀ ਜਾਣੀ ਹੈ। ਇਹ ਜਾਣਕਾਰੀ ਅਪਡੇਟ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ ਅਸਾਮੀ ਦੇ ਬਣਨ ਜਾਂ ਸਰਪਲੱਸ ਹੋਣ ਬਾਰੇ ਸਪਸ਼ਟ ਹਦਾਇਤਾਂ ਹੋਣੀਆਂ ਜ਼ਰੂਰੀ ਹਨ। ਇਸ ਸਬੰਧੀ ਸਕੂਲ ਮੁਖੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਿਭਾਗ ਵੱਲੋਂ ਸਪਸ਼ਟ ਹਦਾਇਤਾਂ ਨਾ ਹੋਣ ਕਾਰਣ ਉਨ੍ਹਾਂ ਵੱਲੋਂ ਵੀ ਸਕੂਲ ਮੁਖੀਆਂ ਨੂੰ ਸਪਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਣ ਸੂਬੇ ਭਰ ਦੇ ਸਕੂਲ ਮੁਖੀਆਂ ਵੱਲੋਂ ਆਪਣੇ ਵੱਖ ਵੱਖ ਗਰੁੱਪਾਂ ਰਾਹੀਂ ਇੱਕ ਦੂਜੇ ਤੋਂ ਇਸ ਬਾਰੇ ਜਾਣਕਾਰੀ ਲੈਣ ਲਈ ਸੰਪਰਕ ਕੀਤੇ ਜਾ ਰਹੇ ਹਨ ਪਰ ਵਿਭਾਗ ਦੀ ਸਪਸ਼ਟ ਹਦਾਇਤਾਂ ਦੀ ਘਾਟ ਕਾਰਨ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ।
ਡੀਟੀਐੱਫ ਦੇ ਸੂਬਾਈ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਤੇ ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ ਮੁਕਤਸਰ, ਸੂਬਾਈ ਆਗੂਆਂ ਸੁਖਦੇਵ ਡਾਨਸੀਵਾਲ ਅਤੇ ਤਜਿੰਦਰ ਕਪੂਰਥਲਾ ਨੇ ਨੇ ਸਿੱਖਿਆ ਵਿਭਾਗ ਪੰਜਾਬ ਪਾਸੋਂ ਮੰਗ ਕੀਤੀ ਕਿ ਇਸ ਸਬੰਧੀ ਵਿਭਾਗ ਵੱਲੋ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ, ਜਿੰਨ੍ਹਾਂ ਵਿੱਚ ਪ੍ਰਾਇਮਰੀ ਪੱਧਰ 'ਤੇ ਜਮਾਤ ਵਾਇਜ਼ ਅਧਿਆਪਕ, ਮਿਡਲ ਪੱਧਰ 'ਤੇ ਅਤੇ ਸੈਕੰਡਰੀ ਪੱਧਰ 'ਤੇ ਸੈਕਸ਼ਨ ਅਤੇ ਵਿਸ਼ਾ ਵਾਇਜ਼ ਅਧਿਆਪਕ ਦਿੰਦਿਆਂ ਅਸਾਮੀਆਂ ਦੀ ਗਿਣਤੀ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲਾਂ ਵਿੱਚ ਨੌਂ ਪੀਰੀਅਡਾਂ ਵਾਲਾ ਟਾਇਮ ਟੇਬਲ ਬਹਾਲ ਕਰਨ ਦੇ ਨਾਲ ਨਾਲ ਹਰ ਸਕੂਲ ਵਿੱਚ ਹਰੇਕ ਪੜ੍ਹਾਏ ਜਾ ਰਹੇ ਹਰੇਕ ਵਿਸ਼ੇ ਦੀ ਘੱਟੋ ਘੱਟ ਇੱਕ ਅਸਾਮੀ ਲਾਜ਼ਮੀ ਤੌਰ 'ਤੇ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਈ ਪੰਜਾਬ ਪੋਰਟਲ 'ਤੇ ਅਸਾਮੀਆਂ ਅਪਡੇਟ ਕਰਨ ਦੀ ਅੰਤਿਮ ਮਿਤੀ 20 ਮਈ ਤੋਂ ਵਧਾ ਕੇ 25 ਮਈ ਕੀਤੀ ਜਾਵੇ।