'ਨਸ਼ੇ ਵਿਰੁੱਧ ਯਾਤਰਾ ਸਿਰਫ ਸਿਆਸੀ ਡਰਾਮਾ': ਅਰਵਿੰਦ ਖੰਨਾ
ਮਹਿਜ਼ ਸਿਆਸੀ ਡਰਾਮਾ ਬਣ ਕੇ ਰਹਿ ਗਈ ਹੈ ਯੁੱਧ ਨਸ਼ੇ ਵਿਰੁੱਧ ਯਾਤਰਾ: ਅਰਵਿੰਦ ਖੰਨਾ
ਚੰਡੀਗੜ੍ਹ, 19 ਮਈ ( ): ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਦੇ ਸਿਰਲੇਖ ਨਾਲ ਵਿੱਢੀ ਯਾਤਰਾ ਮਹਿਜ਼ ਸਿਆਸੀ ਡਰਾਮਾ ਬਣ ਕੇ ਰਹਿ ਗਈ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚੋਂ ਰਿਪੋਰਟਾਂ ਆ ਰਹੀਆਂ ਹਨ ਕਿ ਆਮ ਆਦਮੀਂ ਪਾਰਟੀ ਦੇ ਮੰਤਰੀ, ਵਿਧਾਇਕ ਅਤੇ ਹੋਰ ਆਗੂ ਬੇਸ਼ੱਕ ਇਕੱਤਰ ਕੀਤੇ ਲੋਕਾਂ ਕੋਲ ਦਾਅਵੇ ਕਰਦੇ ਹਨ ਕਿ ਪੰਜਾਬ ਸਰਕਾਰ ਨਸ਼ੇ ਖਿਲਾਫ ਸਖ਼ਤ ਹੈ ਪਰ ਉਨ੍ਹਾਂ ਕੋਲ ਅਜਿਹਾ ਕੋਈ ਸਬੂਤ ਤੱਕ ਨਹੀਂ ਹੈ ਕਿ ਉਹ ਸਾਬਿਤ ਕਰ ਸਕਣ ਕਿ ਉਨ੍ਹਾਂ ਕਿੰਨੇ ਲੋਕਾਂ ਨੂੰ ਨਸ਼ੇ ਤੋਂ ਮੁਕਤ ਕਰਵਾਇਾਆ ਹੈ।
ਉਨ੍ਹਾਂ ਕਿਹਾ ਕਿ ਧੱਕੇ ਨਾਲ ਇਕੱਤਰ ਕੀਤੇ ਬਜ਼ੁਰਗਾਂ ਅਤੇ ਔਰਤਾਂ ਦੇ ਹੱਥਾਂ ਵਿੱਚ ਤਖਤੀਆਂ ਫੜਾਉਣ ਨਾਲ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਬਲਕਿ ਸਰਕਾਰ ਨੂੰ ਅਜਿਹੀ ਨੀਤੀ ਬਣਾਉਣੀ ਚਾਹੀਦੀ ਹੈ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਨਸ਼ੇ ਦੀ ਅਲਾਮਤ ਨੂੰ ਜਨਮ ਦਿੰਦੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਐਲਾਨ ਕਰੇ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪਹਿਲ ਦੇ ਅਧਾਰ *ਤੇ ਨੌਕਰੀ ਦੇਵੇ। ਇਸ ਤੋਂ ਇਲਾਵਾ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਭੰਧ ਕੀਤਾ ਜਾਵੇ ਤਾਂ ਜੋ ਅਜਿਹੇ ਨੌਜਵਾਨ ਉਤਸ਼ਾਹਿਤ ਹੋ ਕੇ ਨਸ਼ਾ ਛੱਡਣ ਲਈ ਪ੍ਰੇਰਿਤ ਹੋ ਸਕਣ।
ਸ਼੍ਰੀ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹੁਣ ਤੋਂ ਹੀ ਮਹਿਸੂਸ ਹੋਣ ਲੱਗ ਪਿਆ ਹੈ ਕਿ ਉਹ ਸੂਬੇ ਦੇ ਲੋਕਾਂ ਦਾ ਵਿਸ਼ਵਾਸ਼ ਗੁਆ ਚੁੱਕੀ ਹੈ। ਜਿਸ ਕਾਰਨ ਉਹ ਅਜਿਹੇ ਡਰਾਮੇਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਹੈੇ। ਉਨ੍ਹਾਂ ਕਿਹਾ ਕਿ ਪੰਜਾਬੀ ਇਸ ਪਾਰਟੀ ਦੀ ਅਸਲੀਅਤ ਜਾਣ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਨੂੰ ਸਬਕ ਸਿਖਾਉਣ ਦਾ ਫੈਸਲਾ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਕੋਲ ਅਜਿਹੀ ਕੋਈ ਵੀ ਉਪਲਬਧੀ ਨਹੀਂ ਹੈ ਜਿਸ ਦੇ ਸਹਾਰੇ ਉਹ ਲੋਕਾਂ ਦਾ ਵਿਸ਼ਵਾਸ਼ ਮੁੜ ਤੋਂ ਹਾਸਿਲ ਕਰ ਸਕੇ।
ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਸਤਾ ਹਾਲ ਵਿੱਚ ਪਹੁੰਚ ਚੁੱਕੀ ਹੈ। ਹਰ ਦਿਨ ਹੁੰਦੀਆਂ ਹੱਤਿਆਵਾਂ ਨੇ ਪੰਜਾਬੀਆਂ ਦੇ ਮਨ ਵਿੱਚ ਡਰ ਪੈਦਾ ਕੀਤਾ ਹੋਇਆ ਹੈ। ਗੈਂਗਸਟਰਾਂ ਦੇ ਅੱਗੇ ਪੰਜਾਬ ਪੁਲਿਸ ਵੀ ਨਕਾਰਾ ਸਾਬਿਤ ਹੋ ਰਹੀ ਹੈ। ਜਿਸ ਕਾਰਨ ਗੁੰਡਾਗਰਦੀ ਸਿਖਰਾਂ *ਤੇ ਹੈ।