ਅਕਾਲ ਅਕੈਡਮੀ ਚੱਕ ਭਾਈ ਕੇ ਵੱਲੋਂ ਨਸ਼ੇ ਪ੍ਰਤੀ ਜਾਗਰੂਕਤਾ ਰੈਲੀ
ਚੰਡੀਗੜ੍ਹ, 12 ਮਈ 2025- ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਗਵਾਈ ਹੇਠ ਚੱਲ ਰਹੀ ਅਕਾਲ ਅਕੈਡਮੀ, ਚੱਕ ਭਾਈ ਕੇ ਵਿਖੇ ਨਸ਼ਾ-ਮੁਕਤੀ ਵੱਲ ਸਮਰਪਿਤ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਪ੍ਰਵੀਨ ਕੌਰ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਦਾ ਮੁੱਖ ਉਦੇਸ਼ ਨਸ਼ੇ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਸਮਾਜ ਨੂੰ ਜਾਗਰੂਕ ਕਰਨਾ ਸੀ। ਵਿਦਿਆਰਥੀਆਂ ਨੇ ਪਿੰਡ ਬੀਰੋ ਕੇ ਖੁਰਦ ਤੋਂ ਬੀਰੋ ਕੇ ਕਲਾਂ ਤੱਕ ਨਾਅਰੇਬਾਜ਼ੀ ਕਰਦੇ ਹੋਏ ਨਸ਼ੇ ਦੇ ਖਿਲਾਫ ਲੋਕਾਂ ਵਿੱਚ ਸੰਦੇਸ਼ ਫੈਲਾਇਆ। ਰੈਲੀ ਵਿੱਚ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਗਾਇਨ ਕੀਤੀਆਂ ਗਈਆਂ, ਨਾਅਰੇ ਲਗਾਏ ਗਏ ਅਤੇ ਨਸ਼ੇ ਤੋਂ ਪਰੇ ਰਹਿਣ ਦੀ ਅਪੀਲ ਕੀਤੀ ਗਈ। ਲੋਕਾਂ ਨੇ ਵੀ ਵਿਦਿਆਰਥੀਆਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਉਤਸਾਹ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅਕਾਲ ਅਕੈਡਮੀ ਚੱਕ ਭਾਈ ਕੇ ਦੀ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਕਿਹਾ, "ਨਸ਼ਾ ਸਾਡੇ ਪੰਜਾਬ ਦੀ ਜਵਾਨੀ ਨੂੰ ਹੌਲੀ-ਹੌਲੀ ਖਾ ਰਿਹਾ ਹੈ। ਅਸੀਂ ਸਾਰਿਆਂ ਨੇ ਮਿਲ ਕੇ ਇਹ ਢਿੱਲੀ ਹੋ ਰਹੀ ਜੜ੍ਹ ਬਚਾਉਣੀ ਹੈ। ਇਹ ਰੈਲੀ ਇਸ ਸੰਦੇਸ਼ ਨੂੰ ਹਰ ਦਿਲ ਤੱਕ ਪਹੁੰਚਾਉਣ ਦੀ ਇਕ ਕੋਸ਼ਿਸ਼ ਹੈ।” ਇਸ ਰੈਲੀ ਦੇ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸਕੂਲ ਵਿਚ ਵਾਪਸੀ ਕੀਤੀ। ਸਮੂਹ ਸਕੂਲ ਸਟਾਫ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਹੋਰ ਵੀ ਚੰਗੇ ਕਾਰਜਾਂ ਲਈ ਉਤਸ਼ਾਹਿਤ ਕੀਤਾ। ਇਹ ਰੈਲੀ ਨਾ ਸਿਰਫ਼ ਵਿਦਿਆਰਥੀਆਂ ਲਈ ਇੱਕ ਸਿੱਖਣ ਵਾਲਾ ਤਜਰਬਾ ਸੀ, ਸਗੋਂ ਇਹ ਪਿੰਡ ਦੇ ਵਸਨੀਕਾਂ ਲਈ ਵੀ ਪ੍ਰੇਰਨਾਦਾਇਕ ਸੀ।