ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਈ ਨੂੰ ਸੰਗਰੂਰ 'ਚ ਅਮਨ ਮਾਰਚ ਕੱਢਣ ਦਾ ਐਲਾਨ
ਦਲਜੀਤ ਕੌਰ
ਸੰਗਰੂਰ, 12 ਮਈ, 2025: ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਿਲਾ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ। ਜਿਸ ਵਿੱਚ ਸੂਬੇ ਦੇ ਸੱਦੇ ਅਨੁਸਾਰ ਜੋ 13 ਮਈ ਨੂੰ ਸੰਗਰੂਰ ਸ਼ਹਿਰ ਵਿੱਚ ਜਬਰ ਵਿਰੋਧੀ ਰੋਸ ਮੁਜਾਹਰਾ ਕੀਤਾ ਜਾਣਾ ਸੀ ਉਹ ਮੁਲਤਵੀ ਕਰਕੇ 26 ਮਈ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਜੋ ਦੇਸ਼ ਵਿੱਚ ਜੰਗ ਦਾ ਮਾਹੌਲ ਬਣਾਉਣ ਲਈ ਜੰਗਬਾਜ਼ ਤਾਕਤਾਂ ਜਿੰਮੇਵਾਰ ਹਨ ਉਹਨਾਂ ਦੇ ਖਿਲਾਫ ਅਤੇ ਸੰਗਰੂਰ ਸ਼ਹਿਰ ਵਿੱਚ 14 ਮਈ ਨੂੰ ਅਮਨ ਮਾਰਚ ਕਰਨ ਦਾ ਪ੍ਰੋਗਰਾਮ ਵਿਉਂਤਿਆ ਗਿਆ। ਜਿਸ ਸਬੰਧੀ ਅੱਜ ਦੀ ਮੀਟਿੰਗ ਵਿੱਚ ਡਿਊਟੀਆਂ ਲਾਈਆਂ ਗਈਆਂ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਕ ਸਿੰਘ ਭੁਟਾਲ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਕਰਮ ਸਿੰਘ ਬਲਿਆਲ, ਬੀਕੇਯੂ ਡਕੌਂਦਾ ਧਨੇਰ ਦੇ ਜਿਲਾ ਸਕੱਤਰ ਜਗਤਾਰ ਸਿੰਘ ਦੁੱਗਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੁਲਦੀਪ ਸਿੰਘ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ ਨੇ ਦੱਸਿਆ ਕਿ ਜੋ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਨਿਰਭੈ ਸਿੰਘ ਖਾਈ 'ਤੇ ਭੂ-ਮਾਫੀਆ ਵੱਲੋਂ ਕੀਤੇ ਕਾਤਲਾਨਾ ਹਮਲੇ ਖਿਲਾਫ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਤੇ ਹੋਰ ਮੰਗਾਂ ਸਬੰਧੀ 13 ਮਈ ਨੂੰ ਸੰਗਰੂਰ ਵਿੱਚ ਰੋਸ ਰੈਲੀ ਅਤੇ ਐਸਐਸਪੀ ਦਫਤਰ ਵੱਲ ਰੋਸ ਮੁਜ਼ਾਹਰਾ ਕੀਤਾ ਜਾਣਾ ਸੀ ਇਹ ਹੁਣ 26 ਮਈ ਨੂੰ ਕੀਤਾ ਜਾਵੇਗਾ ਅਤੇ ਜੋ ਦੇਸ਼ ਵਿੱਚ ਫਿਰਕੂ ਤਾਕਤਾਂ ਵੱਲੋਂ ਅਤੇ ਜੰਗਬਾਜ਼ ਹਾਕਮਾਂ ਵੱਲੋਂ ਜੰਗ ਦਾ ਮਾਹੌਲ ਬਣਾਇਆ ਗਿਆ ਸੀ ਜਿਸ ਜੰਗ ਨਾਲ ਆਮ ਲੋਕਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋਣਾ ਸੀ ਤੇ ਖਾਸ ਕਰ ਪੰਜਾਬ ਦੀ ਤਬਾਹੀ ਹੋਣੀ ਸੀ ਇਹਨਾਂ ਜੰਗਬਾਜ਼ ਤਾਕਤਾਂ ਨੂੰ ਖਬਰਦਾਰ ਕਰਨ ਲਈ ਕਿ ਦੇਸ਼ ਵਿੱਚ ਜੰਗ ਦਾ ਮਾਹੌਲ ਬਣਾਉਣਾ ਬੰਦ ਕੀਤਾ ਜਾਵੇ ਅਤੇ ਲੋਕਾਂ ਨੂੰ ਇਹਨਾਂ ਤਾਕਤਾਂ ਖਿਲਾਫ ਇੱਕਜੁੱਟ ਹੋਣ ਦਾ ਸੱਦਾ ਦੇਣ ਲਈ 14 ਮਈ ਨੂੰ ਸੰਗਰੂਰ ਸ਼ਹਿਰ ਦੀ ਦਾਣਾ ਮੰਡੀ ਵਿੱਚ ਰੈਲੀ ਕਰਨ ਉਪਰੰਤ ਬਾਜ਼ਾਰਾਂ ਵਿੱਚੋਂ ਦੀ ਇੱਕ ਅਮਨ ਮਾਰਚ ਕੱਢਿਆ ਜਾਵੇਗਾ ਤਾਂ ਜੋ ਹਾਕਮ ਦੁਬਾਰਾ ਜੰਗ ਦਾ ਮਾਹੌਲ ਨਾ ਬਣਾਉਣ ਸਾਰੇ ਇਨਸਾਫ ਪਸੰਦ ਅਵਾਮ ਨੂੰ ਇਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ, ਸ਼ਮਸ਼ੇਰ ਸਿੰਘ ਈਸਾਪੁਰ, ਜੱਗਾ ਸਿੰਘ ਦੁੱਗਾਂ ਅਤੇ ਟਰੇਡ ਯੂਨੀਅਨ ਆਗੂ ਸੁਖਦੇਵ ਸ਼ਰਮਾ ਹਾਜ਼ਰ ਸਨ।