ਵਿਆਹ ’ਚ ਆਤਿਸ਼ਬਾਜੀ! ਪੁਲਿਸ ਨੇ ਲਾੜੇ ਦੇ ਪਾਏੇ ਹਵਾਲਾਤ ’ਚ ਪਟਾਕੇ
ਅਸ਼ੋਕ ਵਰਮਾ
ਬਠਿੰਡਾ, 12 ਮਈ 2025:ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਆਪਣੇ ਹੀ ਵਿਆਹ ਵਿੱਚ ਆਤਿਸ਼ਬਾਜੀ ਚਲਾਉਣ ਦੇ ਮਾਮਲੇ ਵਿੱਚ ਲਾੜੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾੜੀ ਲਿਆਉਣ ਦੀਆਂ ਤਿਆਰੀਆਂ ਵਿੱਚ ਜੁਟੇ ਲਾੜੇ ਗੁਰਪ੍ਰੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਕੋਟ ਸ਼ਮੀਰ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ। ਵੱਡੀ ਗੱਲ ਹੈ ਕਿ ਜਿਸ ਘਰ ’ਚ ਸ਼ਹਿਨਾਈਆਂ ਵੱਜਣੀਆਂ ਸਨ ਉਸ ਦੇ ਲੜਕੇ ਨੂੰ ਹਵਾਲਾਤ ਦੀ ਹਵਾ ਖਾਣੀ ਪਈ ਹੈ।
ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਕੋਟ ਸ਼ਮੀਰ ਜਿਲ੍ਹਾ ਬਠਿੰਡਾ ਨੇ 11 ਮਈ ਦੇਰ ਸ਼ਾਮ ਨੂੰ ਆਪਣੇ ਵਿਆਹ ਵਿੱਚ ਆਤਿਸ਼ਾਬਜੀ ਅਤੇ ਪਟਾਕੇ ਚਲਾਏ ਸਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਮੈਜਿਸਟਰੈਟ ਬਠਿੰਡਾ ਨੇ ਜੰਗ ਕਾਰਨ ਬਣੇ ਤਣਾਅ ਵਾਲੇ ਇੰਨ੍ਹਾਂ ਦਿਨਾਂ ਦੌਰਾਨ ਕਿਸੇ ਵੀ ਕਿਸਮ ਦੇ ਪਟਾਕੇ ਚਲਾਉਣ, ਆਤਿਸ਼ਬਾਜੀ ਆਦਿ ਕਰਨ ਤੇ ਮੁਕੰਮਲ ਤੌਰ ਤੇ ਪਾਬੰਦੀ ਲਾਈ ਹੋਈ ਹੈ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਜਿਸ ਕਰਕੇ ਉਸ ਨੂੰ ਥਾਣਾ ਸਦਰ ਬਠਿੰਡਾ ਵਿਖੇ ਐਫਆਈਆਰ ਨੰਬਰ 88 ਤਹਿਤ ਦੋਸ਼ੀ ਨਾਮਜਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਿਲ੍ਹਾ ਮੈਜਿਸਟਰੇਟ ਬਠਿੰਡਾ ਨੇ 9 ਮਈ 2025 ਨੂੰ ਇਹ ਪਾਬੰਦੀ ਲਾਈ ਹੈ। ਹੁਕਮਾਂ ਵਿੱਚ ਅਨੁਸਾਰ ਦੇਖਿਆ ਗਿਆ ਹੈ ਕਿ ਵਿਆਹਾਂ, ਖੁਸ਼ੀ ਦੇ ਜਸ਼ਨਾਂ ਅਤੇ ਧਾਰਮਿਕ ਤਿਉਹਾਰਾਂ ਦੌਰਾਨ ਆਮ ਲੋਕਾਂ ਦੁਆਰਾ ਵੱਡੇ ਪੱਧਰ ’ਤੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ।
ਅਜਿਹੇ ਪਟਾਕਿਆਂ ਦੀ ਆਵਾਜ਼ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਦੀ ਹੈ, ਜਿਸ ਨਾਲ ਅਸਲ ਬੰਬ, ਡਰੋਨ ਅਤੇ ਮਿਜ਼ਾਈਲ ਹਮਲੇ ਦਾ ਡਰ ਪੈਦਾ ਹੋ ਸਕਦਾ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਜਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਸ ਹੁਕਮ ਦੀ ਕਿਸੇ ਵੀ ਉਲੰਘਣਾ ’ਤੇ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 223 ਅਤੇ ਕਾਨੂੰਨ ਦੇ ਹੋਰ ਸੰਬੰਧਿਤ ਉਪਬੰਧਾਂ ਤਹਿਤ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਹੈ।