ਟਰੱਕਿੰਗ ਇੰਡਸਟਰੀ ‘ਤੇ ਡੂੰਘਾ ਅਸਰ ਪਾ ਸਕਦੈ ਟਰੰਪ ਦਾ ਅੰਗਰੇਜ਼ੀ ਮੁਹਾਰਤ ਦਾ ਕਨੂੰਨ
ਅਮਰੀਕਾ ‘ਚ 80 ਹਜ਼ਾਰ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੀ ਹੈ ਟਰਾਂਸਪੋਰਟ ਇੰਡਸਟਰੀ
ਜੂਨ ਦੇ ਅੰਤ ‘ਚ ਲਾਗੂ ਹੋਣ ਵਾਲੇ ਨਵੇਂ ਕਨੂੰਨ ਨਾਲ ਭਾ਼ਸ਼ਾ ਮੁਹਾਰਤ ਨਾ ਰੱਖਣ ਵਾਲੇ ਡਰਾਈਵਰਾਂ ਨੂੰ ਕੀਤਾ ਜਾ ਸਕਦਾ “Out of Service “.
ਗੁਰਮੁੱਖ ਸਿੰਘ ਬਾਰੀਆ
ਟੋਰਾਂਟੋ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਿਥੇ ਇੱਕ ਮਾਰਚ ਤੋਂ ਅੰਗਰੇਜ਼ੀ ਨੂੰ ਅਮਰੀਕਾ ਦੀ ਰਸਮੀ ਭਾਸ਼ਾ ਐਲਾਨਣ ਤੋਂ ਬਾਅਦ ਬੀਤੀ 28 ਅਪ੍ਰੈਲ ਨੂੰ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਾਜ਼ਮੀ ਕਰਨ ਵਾਲਾ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਜਿਸ ਨਾਲ਼ ਅਮਰੀਕਾ -ਕੈਨੇਡਾ ‘ਚ ਟਰੱਕ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੀ ਟਰਾਂਸਪੋਰਟ ਇੰਡਸਟਰੀ ਨੂੰ ਹੋਰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਦਰਅਸਲ ਰਾਸ਼ਟਰਪਤੀ ਟਰੰਪ ਦੇ ਨਵਾਂ ਕਾਰਜਕਾਰੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਵੀ ਇਸ ਸੰਬੰਧੀ ਅਮਰੀਕਾ ‘ਚ 2016 ਦਾ 49 CFR 391.11(b)(2), ਕਨੂੰਨ ਮੌਜੂਦ ਹੈ ਜਿਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ ਪਰ ਹੁਣ ਰਾਸ਼ਟਰਪਤੀ ਟਰੰਪ ਨੇ ਇੱਕ ਨਵਾਂ ਕਾਰਜਕਾਰੀ ਹੁਕਮ ਜਾਰੀ ਕਰਕੇ ਟਰਾਂਸਪੋਰਟ ਵਿਭਾਗ ਅਤੇ ਫੈਡਰਲ ਮੋਟਰ ਕੈਰੀਅਰ ਐਡਮਨਿਸਟਰੇਸ਼ਨ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਕਾਨੂੰਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ 60 ਦਿਨਾਂ ਦੇ ਅੰਦਰ ਨਵੇਂ ਦਿਸ਼ਾ ਨਿਰਦੇਸ਼ ਤਿਆਰ ਕਰੇ । ਅਮਰੀਕਾ ਦੇ ਕਮਰਸ਼ੀਅਲ ਡਰਾਈਵਰਾਂ ਲਈ ਪਹਿਲਾਂ ਤੋਂ ਮੌਜੂਦ ਕਨੂੰਨ ਇਸ ਗੱਲ ਦੀ ਵਿਵਸਥਾ ਕਰਦਾ ਹੈ ਕਿ ਕਮਰਸ਼ੀਅਲ ਡਰਾਈਵਰ ਨੂੰ ਅੰਗਰੇਜ਼ੀ ਭਾਸ਼ਾ ਪੜ੍ਹਨ ਅਤੇ ਬੋਲਣ ਦੀ ਯੋਗ ਕਾਬਲੀਅਤ ਹੋਣੀ ਚਾਹੀਦੀ ਹੈ , ਜਿਸ ਤਹਿਤ ਉਸਨੂੰ ਜਨਤਕ ਤੌਰ
‘ਤੇ ਵਿਚਰਦਿਆਂ ਸੰਬੰਧਿਤ ਲੋਕਾਂ ਨਾਲ ਗੱਲਬਾਤ ਕਰਨ , ਹਾਈਵੇ ਦੇ ਸਾਈਨਾਂ ਨੂੰ ਪੜ੍ਹਨ ਅਤੇ ਸਮਝਣ ਦੀ ਯੋਗਤਾ ਰੱਖਣ , ਸਰਕਾਰੀ ਪੜਤਾਲ ਦੀ ਪ੍ਰਕਿਰਿਆ ਪ੍ਰਤੀ ਯੋਗ ਸੰਚਾਰ ਕਰਨ ਅਤੇ ਟਰਾਂਸਪੋਰਟ , ਰੋਡ ਸੁਰੱਖਿਆ ਨਿਯਮਾਂ ਤਹਿਤ ਰਿਕਾਰਡ ਰੱਖਣ ਦੀ ਯੋਗਤਾ ਰੱਖਣਾ ਬਹੁਤ ਜ਼ਰੂਰੀ ਹੈ । ਪਰ ਇਹਨਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਬਜਾਏ ਬਹੁਤ ਘੱਟ ਹਾਲਤਾਂ ‘ਚ ਪੁਲਿਸ ਅਫਸਰਾਂ ਵੱਲੋਂ ਕੇਵਲ ਟਰੈਫਿਕ ਨਿਯਮਾਂ ਤਹਿਤ “ਨੋ ਇੰਗਲਿਸ਼ “ ਦੀ ਟਿਕਟ ਦਿੱਤੀ ਜਾਂਦੀ ਹੈ ।
ਪਰ ਹੁਣ ਫੈਡਰਲ ਮੋਟਰ ਕੈਰੀਅਰ ਮੈਨੇਜਮੈਂਟ ਨੂੰ ਦਿੱਤੇ ਗਏ ਆਦੇਸ਼ਾਂ ਤਹਿਤ ਅੰਗਰੇਜ਼ੀ ‘ਚ ਸੰਚਾਰ ਨਾ ਕਰ ਸਕਣ ਵਾਲੇ ਕਮਰਸ਼ੀਅਲ ਡਰਾਈਵਰਾਂ ਨੂੰ ਤੁਰੰਤ ਪ੍ਰਭਾਵ ਆਊਟ ਆਫ ਸਰਵਿਸ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਭਾਵ ਇੱਕ ਵਾਰ ਜਾਂਚ ਦੌਰਾਨ ਚਾਰਜ ਹੋਣ ਦੀ ਸੂਰਤ ‘ਚ ਫਿਰ ਉਸ ਡਰਾਈਵਰ ਨੂੰ ਉਦੋਂ ਤੱਕ ਅਯੋਗ ਕਰਾਰ ਦਿੱਤਾ ਜਾਵੇਗਾ ਜਦੋਂ ਤੱਕ ਉਹ ਆਪਣੀ ਅੰਗਰੇਜ਼ੀ ਦੀ ਮੁਹਾਰਤ ਦਾ ਸਬੂਤ ਪੇਸ਼ ਨਹੀਂ ਕਰ ਦਿੰਦਾ ।
ਜ਼ਿਕਰਯੋਗ ਹੈ ਕਿ ਇਸ ਵਕਤ ਇਕੱਲੇ ਅਮਰੀਕਾ ਵਿੱਚ 80 ਹਜ਼ਾਰ ਕਰੀਬ ਡਰਾਈਵਰਾਂ ਦੀ ਘਾਟ ਹੈ ਅਤੇ ਕੈਨੇਡਾ ਦੇ ਬਹੁਤ ਸਾਰੇ ਡਰਾਈਵਰ ਵੀ ਟਰੱਕ ਲੈ ਕੇ ਅਮਰੀਕਾ ਜਾਂਦੇ ਹਨ ਜਿਹਨਾਂ ‘ਚ ਵੱਡੀ ਸਧਾਰਨ ਅੰਗਰੇਜ਼ੀ ਵਾਲੇ ਡਰਾਈਵਰ ਹਨ । ਨਵੇਂ ਕਨੂੰਨ ਮੁਤਾਬਕ ਕਿਸੇ ਡਰਾਈਵਰ ਨੂੰ ਰੋਡ ਇੰਸਪੈਕ਼ਨ ਕਰਾਉਣ , ਸਕੇਲ ‘ਤੇ ਇੰਸਪੈਕਸ਼ਨ ਕਰਵਾਉਣ ਸਮੇਂ ਅਤੇ ਅਤੇ ਬਾਰਡਰ ‘ਤੇ ਐਂਟਰੀ ਕਰਦੇ ਸਮੇਂ ਅੰਗਰੇਜ਼ੀ ਭਾਸ਼ਾ ਦਾ ਟੈਸਟ ਲਿਆ ਜਾ ਸਕੇਗਾ । ਟਰਾਂਸਪੋਰਟ ਕਾਰੋਬਾਰੀਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਡਰਾਈਵਰਾਂ ਦੀ ਭਰਤੀ ਸਮੇਂ ਭਾਸ਼ਾ ਦੀ ਮੁਹਾਰਤ ਦਾ ਖਾਸ ਧਿਆਨ ਰੱਖਣ ਅਤੇ ਵੱਖ-ਵੱਖ ਸ਼ਹਿਰਾਂ ਨੂੰ ਇਸ ਸੰਬੰਧੀ ਇਨਫੋਰੈਂਸਮੈਂਟ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।