ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜਲੰਧਰ ਵਿਖੇ ਕਰੋੜਾਂ ਦੀ ਲਾਗਤ ਵਾਲੇ ਫਾਇਰ ਸਟੇਸ਼ਨ ਦਾ ਉਦਘਾਟਨ
- ਪ੍ਰੋਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪ੍ਰਗਟਾਇਆ ਧੰਨਵਾਦ
- ਕਿਹਾ, ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਮੇਂ ਸਿਰ ਕਾਬੂ ਪਾਉਣ ’ਚ ਮਿਲੇਗੀ ਮਦਦ
- ਫਾਇਰ ਸਟੇਸ਼ਨ ’ਚ ਇਕ ਲੱਖ ਲੀਟਰ ਦੀ ਸਮਰੱਥਾ ਵਾਲੇ ਜ਼ਮੀਨਦੋਜ਼ ਵਾਟਰ ਸਟੋਰੇਜ ਟੈਂਕ ਤੋਂ ਇਲਾਵਾ 12 ਹਜ਼ਾਰ ਅਤੇ 6-6 ਹਜ਼ਾਰ ਲੀਟਰ ਦੀ ਸਮਰੱਥਾ ਵਾਲੀਆਂ ਗੱਡੀਆਂ ਸਮੇਤ 4 ਵਾਹਨ ਰਹਿਣਗੇ ਮੌਜੂਦ
ਜਲੰਧਰ, 12 ਮਈ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸਥਾਨਕ ਸਪੋਰਟਸ ਅਤੇ ਸਰਜੀਕਲ ਕੰਪਲੈਕਸ ਵਿਖੇ ਕਰੀਬ 1.29 ਕਰੋੜ ਰੁਪਏ ਦੀ ਲਾਗਤ ਵਾਲੇ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ।
ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਮੇਅਰ ਵਿਨੀਤ ਧੀਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਅਤੇ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਸਦਕਾ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਮੇਂ ਸਿਰ ਕਾਬੂ ਪਾਉਣ ਵਿੱਚ ਮਦਦ ਮਿਲੇਗੀ।
ਇਸ ਸਹੂਲਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਇਹ ਇਲਾਕਾ, ਜੋ ਮੁੱਖ ਤੌਰ ’ਤੇ ਸਪੋਰਟਸ, ਸਰਜੀਕਲ, ਲੈਦਰ, ਰੱਬੜ ਇੰਡਸਟਰੀ ਲਈ ਜਾਣਿਆ ਜਾਂਦਾ ਹੈ, ਵਿੱਚ ਫਾਇਰ ਸਟੇਸ਼ਨ ਸਥਾਪਤ ਹੋਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਤੁਰੰਤ ਕਾਬੂ ਪਾਉਣ ਲਈ ਸਮੇਂ ਸਿਰ ਪਹੁੰਚਿਆ ਜਾ ਸਕੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਫਾਇਰ ਸਟੇਸ਼ਨ ਵਿੱਚ ਅੱਗ ’ਤੇ ਕਾਬੂ ਪਾਉਣ ਲਈ ਕੁੱਲ 4 ਵਾਹਨ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 12 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਇਕ ਅਤੇ 6-6 ਹਜ਼ਾਰ ਲੀਟਰ ਦੀ ਸਮਰੱਥਾ ਵਾਲੀਆਂ 2 ਗੱਡੀਆਂ ਤੋਂ ਇਲਾਵਾ ਇਕ ਰੈਸਕਿਊ ਟੈਂਡਰ ਵੀ ਸ਼ਾਮਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਥੇ ਸਟੇਸ਼ਨ ਦੀ ਇਮਾਰਤ ਤੋਂ ਇਲਾਵਾ ਇਕ ਲੱਖ ਲੀਟਰ ਦੀ ਸਮਰੱਥਾ ਵਾਲਾ ਜ਼ਮੀਨਦੋਜ਼ ਵਾਟਰ ਸਟੋਰੇਜ ਟੈਂਕ ਬਣਾਇਆ ਗਿਆ ਹੈ, ਜਿਸ ਦੇ ਲਈ 20 ਹਾਰਸ ਪਾਵਰ ਦੀ ਮੋਟਰ ਲਗਾਈ ਗਈ ਹੈ।
ਸ਼੍ਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਦੀ ਸੁਣਵਾਈ ਕਰਕੇ ਉਨ੍ਹਾਂ ਨੂੰ ਯੋਜਨਾਬੱਧ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਰਾਹੀਂ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਦੀ ਵਚਨਬੱਧਤਾ ਵੀ ਦੁਹਰਾਈ।
ਮੇਅਰ ਵਿਨੀਤ ਧੀਰ ਨੇ ਫਾਇਰ ਸਟੇਸ਼ਨ ਲਈ ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਨਾਲ ਅੱਗ ਦੀਆਂ ਘਟਨਾਵਾਂ ਤੋਂ ਬਚਾਅ ਲਈ ਪ੍ਰਸ਼ਾਸਨ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਇਸ ਪ੍ਰਾਜੈਕਟ ਲਈ ਧੰਨਵਾਦ ਵੀ ਪ੍ਰਗਟਾਇਆ।
ਇਸ ਮੌਕੇ ਚੇਅਰਪਰਸਨ ਫਾਇਰ ਬ੍ਰਿਗੇਡ ਕਮੇਟੀ ਦਵਿੰਦਰਪਾਲ ਕੌਰ, ਡਵੀਜ਼ਨਲ ਫਾਇਰ ਅਫ਼ਸਰ ਜਸਵੰਤ ਸਿੰਘ ਕਾਹਲੋਂ ਤੋਂ ਇਲਾਵਾ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ, ਕਰਮਚਾਰੀ ਅਤੇ ਉਦਯੋਗਪਤੀ ਮੌਜੂਦ ਸਨ।