ਭਾਰਤ ਪਾਕਿਸਤਾਨ ਵਿਚਕਾਰ ਜੰਗ ਦੇ ਮਾਹੌਲ ਦੌਰਾਨ ਕਿਸਾਨਾਂ ਨੇ ਪਿੰਡਾਂ ਵਿੱਚ ਕੱਢੇ ਸਦਭਾਵਨਾ ਮਾਰਚ
ਅਸ਼ੋਕ ਵਰਮਾ
ਬਠਿੰਡਾ, 11 ਮਈ 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੇ ਮਾਹੌਲ ਅਤੇ ਤਲਖੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਬਠਿੰਡਾ ਜ਼ਿਲ੍ਹਾ ਇਕਾਈ ਨੇ ਅੱਧੀ ਦਰਜਨ ਪਿੰਡਾਂ ਵਿੱਚ ਸਦਭਾਵਨਾ ਮਾਰਚ ਕੱਢੇ । ਮਾਰਚਾਂ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਔਰਤ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਸਮੇਤ ਆਗੂਆਂ ਨੇ ਇਕ ਸੁਰ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਨਿਹਕੀ ਜੰਗ ਬੰਦ ਕਰਨ ਦੀ ਮੰਗ ਕੀਤੀ।ਆਗੂਆਂ ਨੇ ਅੱਤਵਾਦੀਆਂ ਵੱਲੋਂ ਪਹਿਲਗਾਮ ਕਤਲੇਆਮ ਹਮਲੇ ਦੀ ਸਖ਼ਤ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਇਸ ਦੇ ਸ਼ਿਕਾਰ ਵਿਅਕਤੀਆਂ ਦੇ ਵਾਰਸਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ।ਇਸ ਘਟਨਾ ਨੂੰ ਭਾਰਤੀ ਹਾਕਮਾਂ ਵੱਲੋਂ ਹਿੰਦੂ ਮੁਸਲਮ ਫਿਰਕੂ ਰੰਗਤ ਰਾਹੀਂ ਆਮ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਅੰਨ੍ਹੀ ਫਿਰਕੂ ਨਫ਼ਰਤ ਫੈਲਾ ਕੇ ਆਪਸ ਵਿੱਚ ਲੜਾਉਣ ਦੀ ਸਾਜ਼ਸ਼ ਰਾਹੀਂ ਹੱਕੀ ਮੰਗਾਂ ਵਾਲੇ ਸ਼ਾਂਤਮਈ ਜਨਤਕ ਸੰਘਰਸ਼ਾਂ ਨੂੰ ਕੁਚਲਣ ਦਾ ਮਹੌਲ ਪੈਦਾ ਕਰਨ ਦੇ ਸਿਰਤੋੜ ਯਤਨਾਂ ਦੀ ਨਿਖੇਧੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂਆਂ ਵੱਲੋਂ ਦੋਨਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਇੱਕ ਦੂਜੇ ਦੇ ਸ਼ਹਿਰਾਂ/ਪਿੰਡਾਂ ਉੱਤੇ ਡ੍ਰੋਨ ਮਿਜ਼ਾਈਲਾਂ ਰਾਹੀਂ ਬੰਬ ਸੁੱਟਣ ਅਤੇ ਨਿਹੱਥੇ ਲੋਕਾਂ ਨੂੰ ਮਾਰ ਮੁਕਾਉਣ ਦੇ ਹਮਲਿਆਂ ਦੀ ਵੀ ਸਖ਼ਤ ਨਿੰਦਾ ਕੀਤੀ ਗਈ ਅਤੇ ਇਹ ਹਮਲੇ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਲੰਬੇ ਸਮੇਂ ਤੋਂ ਆਪਸੀ ਸਹਿਮਤੀ ਅਨੁਸਾਰ ਐਲ ਏ ਸੀ ਰਾਹੀਂ ਹੱਲ ਕੀਤੇ ਗਏ ਸਰਹੱਦੀ ਮਸਲੇ 'ਤੇ ਖੜ੍ਹਨ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ "ਜੰਗ ਨਹੀਂ, ਅਮਨ" ਦੇ ਨਾਹਰੇ ਨੂੰ ਬੁਲੰਦ ਕਰਦੇ ਹੋਏ ਆਉਂਦੇ ਦਿਨਾਂ ਚ ਆਉਣ ਵਾਲੇ ਸੱਦਿਆਂ ਚ ਵੀ ਵੱਧ ਚੱੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਜੋ ਭਗਵੰਤ ਮਾਨ ਵੱਲੋਂ ਜੰਗ ਨੂੰ ਸੁਨਹਿਰੀ ਮੌਕਾ ਸਮਝ ਕੇ ਕਿਸਾਨਾਂ ਜ਼ਮੀਨਾਂ ਤੇ ਘਰਾਂ ਉੱਤੇ ਕਬਜ਼ਿਆਂ ਦੇ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਅੱਜ ਦੇ ਮਾਰਚਾਂ ਵਿੱਚ ਜ਼ਿਲ੍ਹਾਂ ਆਗੂ ਜਗਦੇਵ ਸਿੰਘ ਜੋਗੇਵਾਲਾ, ਗੁਲਾਬ ਸਿੰਘ ਜਿਉਂਦ, ਸਿਕੰਦਰ ਸਿੰਘ, ਰਾਮ ਰਤਨ ਸਿੰਘ ਵੀ ਸਾਮਲ ਸਨ ਜਾਰੀ ਕਰਤਾ। ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਸੱਦੇ ਤਹਿਤ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਸਮੂਹ ਅਮਨ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ 14 ਮਈ ਨੂੰ ਜ਼ਿਲਾ ਪੱਧਰੇ ਕੀਤੇ ਜਾ ਰਹੇ ਅਮਨ ਮਾਰਚਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।