ADC ਸੁਰਿੰਦਰ ਸਿੰਘ ਧਾਲੀਵਾਲ ਅਤੇ ਵਿਦਿਆਰਥਣ ਹਰਨੂਰ ਕੌਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 10 ਮਈ 2025 : ਪਿਛਲੇ ਮਹੀਨੇ ਅੱਠਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 98 ਫ਼ੀਸਦੀ ਅੰਕਾਂ ਨਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਸਕੂਲ ਅਤਾਪੁਰ ਦੀ ਵਿਦਿਆਰਥਣ ਹਰਨੂਰ ਕੌਰ ਦੇ ਸੁਪਨਿਆਂ ਨੂੰ ਨਵੀਂ ਉਡਾਣ ਮਿਲੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਇਸ ਹੋਣਹਾਰ ਬੱਚੀ ਤੇ ਇਸਦੇ ਮਾਪਿਆਂ ਨਾਲ ਉਸ ਦੀ ਕਾਬਲੀਅਤ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਹਰਨੂਰ ਕੌਰ ਨੂੰ ਆਪਣੀ ਕੁਰਸੀ ਉਤੇ ਬਿਠਾ ਕੇ ਉਸਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ
ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਹਰਨੂਰ, ਭਵਿੱਖ ਵਿੱਚ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਅਫਸਰ ਬਣਨਾ ਚਾਹੁੰਦੀ ਹੈ ਅਤੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਸ ਨੂੰ ਵਿੱਤੀ ਜਾਂ ਅਕਾਦਮਿਕ ਪੱਧਰ ਉੱਤੇ ਜਿਹੜੇ ਵੀ ਸਹਿਯੋਗ ਦੀ ਜ਼ਰੂਰਤ ਹੋਵੇਗੀ, ਉਸ ਨੂੰ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣ ਹਿੰਮਤ ਤੇ ਹੌਂਸਲੇ ਨਾਲ ਭਰਪੂਰ ਹੈ ਜਿਸ ਨੇ ਆਪਣੇ ਮਾਪਿਆਂ ਦੀ ਨਿਰੰਤਰ ਹੱਲਾਸ਼ੇਰੀ ਨਾਲ ਨਾਮ ਚਮਕਾਇਆ ਹੈ
ਹਰਨੂਰ ਦੇ ਪਿਤਾ ਹਰਮਿੰਦਰ ਸਿੰਘ ਗ੍ਰੈਜੂਏਟ ਹਨ ਤੇ ਮਾਤਾ ਬਲਜੀਤ ਕੌਰ ਭਾਵੇਂ ਖੁਦ ਉਚੇਰੀ ਪੜ੍ਹਾਈ ਤੋਂ ਵਾਂਝੇ ਰਹੇ ਪਰ ਉਹ ਦੋਵੇਂ ਹਰਨੂਰ ਤੇ ਉਸਦੀ ਛੋਟੀ ਭੈਣ ਨੂੰ ਜ਼ਿੰਦਗੀ ਵਿੱਚ ਬੁਲੰਦੀਆਂ ਛੂਹਣ ਦੇ ਸਮਰੱਥ ਬਣਾਉਣ ਦੇ ਚਾਹਵਾਨ ਹਨ , ਏ.ਡੀ.ਸੀ ਸੁਰਿੰਦਰ ਸਿੰਘ ਧਾਲੀਵਾਲ ਨੇ ਹਰਨੂਰ ਨੂੰ ਉਸਦੀ ਮਾਣਯੋਗ ਪ੍ਰਾਪਤੀ ਲਈ ਸ਼ਾਬਾਸ਼ੀ ਵਜੋਂ ਤੋਹਫ਼ਾ ਦਿੰਦੇ ਹੋਏ ਭਵਿਖ ਵਿੱਚ ਪੂਰੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਆਪਣਾ ਮੁਕਾਮ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ
