MP ਮਨੀਸ਼ ਤਿਵਾੜੀ ਨੇ ਇੱਕ ਵਾਰ ਫਿਰ ਚੰਡੀਗੜ੍ਹ ਦੇ ਮੁੱਦੇ ਚੁੱਕੇ
ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਪੱਤਰ ਲਿਖੇ
ਪ੍ਰਮੋਦ ਭਾਰਤੀ
ਚੰਡੀਗੜ੍ਹ, 27 ਜੁਲਾਈ,2025
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ਼ਹਿਰ ਨਾਲ ਸਬੰਧਤ 5 ਬਕਾਇਆ ਮੁੱਦਿਆਂ ਨੂੰ ਹੱਲ ਕਰਨ ਦੀ ਮੰਗ ਕਰਦਿਆਂ 3 ਜੁਲਾਈ, 2025 ਨੂੰ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਮੁੱਦਿਆਂ ਵਿੱਚ ਜਾਇਦਾਦ ਦੀ ਹਿੱਸੇਦਾਰੀ ਵਿਕਰੀ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਰਿਹਾਇਸ਼ੀ ਘਰਾਂ ਵਿੱਚ ਲੋੜ-ਅਧਾਰਤ ਤਬਦੀਲੀਆਂ, ਰਾਹਤ ਅਤੇ ਪੁਨਰਵਾਸ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਅਧਿਕਾਰ ਦੇਣਾ, ਚੰਡੀਗੜ੍ਹ ਦੇ 22 ਸ਼ਹਿਰੀ ਪਿੰਡਾਂ ਵਿੱਚ ਲਾਲ ਡੋਰਾ ਦਾ ਖਾਤਮਾ ਅਤੇ ਚੰਡੀਗੜ੍ਹ ਦੇ ਦੱਖਣੀ ਸੈਕਟਰਾਂ ਵਿੱਚ ਸਹਿਕਾਰੀ ਸਮੂਹ ਹਾਊਸਿੰਗ ਸੁਸਾਇਟੀਆਂ ਦੀਆਂ ਸਾਂਝੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਹੈ।
ਜਿਕਰਯੋਗ ਹੈ ਕਿ ਮਾਣਯੋਗ ਰਾਜਪਾਲ ਦੇ ਕਹਿਣ 'ਤੇ ਮਨੀਸ਼ ਤਿਵਾੜੀ ਨੇ 8 ਜੁਲਾਈ, 2025 ਨੂੰ ਉਨ੍ਹਾਂ ਨੂੰ ਇਨ੍ਹਾਂ ਪੰਜ ਮੁੱਦਿਆਂ 'ਤੇ ਦੁਬਾਰਾ ਲਿਖਿਆ ਸੀ। ਉਕਤ ਚਿੱਠੀਆਂ ਵਿੱਚ ਢਾਈ ਦਹਾਕਿਆਂ ਤੋਂ ਬਕਾਇਆ ਚੱਲ ਰਹੇ ਕੁਝ ਮੁੱਦਿਆਂ ਦੇ ਮਾਮਲੇ ਵਿੱਚ ਸਮੱਸਿਆ ਅਤੇ ਉਨ੍ਹਾਂ ਦੇ ਅਨੁਸਾਰੀ ਹੱਲ ਦਾ ਵਿਸਥਾਰ ਨਾਲ ਵੇਰਵਾ ਦਿੱਤਾ ਗਿਆ ਸੀ (ਇਸ ਪ੍ਰੈਸ ਰਿਲੀਜ਼ ਨਾਲ ਉਕਤ ਚਿੱਠੀਆਂ ਦੀਆਂ ਕਾਪੀਆਂ ਨੱਥੀ ਹਨ)।
ਤਿਵਾੜੀ ਨੇ ਇਸ ਤੋਂ ਪਹਿਲਾਂ ਕਈ ਵਾਰ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਉਨ੍ਹਾਂ ਤੋਂ ਪਹਿਲਾਂ ਇਸ ਅਹੁਦੇ ਤੇ ਰਹੇ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਵੀ ਨਿੱਜੀ ਤੌਰ ਤੇ ਮੁਲਾਕਾਤਾਂ ਕਰਕੇ ਅਤੇ ਨਿਯਮਤ ਪੱਤਰ ਵਿਹਾਰ ਰਾਹੀਂ ਇਨ੍ਹਾਂ ਮੁੱਦਿਆਂ ਨੂੰ ਚੁੱਕਿਆ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀ ਤਿਵਾੜੀ ਨੇ ਪਿਛਲੇ 13 ਮਹੀਨਿਆਂ ਦੌਰਾਨ ਲੋਕ ਸਭਾ ਵਿਚ ਪਾਰਲੀਮੈਂਟਰੀ ਪ੍ਰਸ਼ਨਾਂ, ਵਿਸ਼ੇਸ਼ ਜ਼ਿਕਰਾਂ ਅਤੇ ਜ਼ੀਰੋ ਆਵਰ ਦੌਰਾਨ ਇਨ੍ਹਾਂ ਸਾਰੇ ਪੰਜ ਮੁੱਦਿਆਂ ਨੂੰ ਚੁੱਕਿਆ ਹੈ।
ਤਿਵਾੜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵੀ ਇਨ੍ਹਾਂ ਪੰਜ ਮੁੱਦਿਆਂ ਨੂੰ ਚੁੱਕਿਆ ਹੈ।
ਇਸ ਲੜੀ ਹੇਠ, ਤਿਵਾੜੀ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਪੰਜ ਬਕਾਇਆ ਮੁੱਦਿਆਂ ਦਾ ਹੱਲ ਕਰਨ ਲਈ ਬਿਨਾਂ ਕਿਸੇ ਦੇਰੀ ਤੋਂ ਅਧਿਕਾਰੀਆਂ ਦੇ ਪੰਜ ਵੱਖ-ਵੱਖ ਅਧਿਕਾਰ ਪ੍ਰਾਪਤ ਸਮੂਹ ਤੁਰੰਤ ਸਥਾਪਤ ਕੀਤੇ ਜਾਣ, ਕਿਉਂਕਿ ਇਹ ਸਾਰੇ ਚੰਡੀਗੜ੍ਹ ਪ੍ਰਸ਼ਾਸਨ ਦੇ ਸ਼ਾਸਨ ਖੇਤਰ ਨਾਲ ਸਬੰਧਤ ਹਨ।
ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਸਮੱਸਿਆਵਾਂ ਦਾ ਹੱਲ ਕਰਨ ਦੀ ਅਪੀਲ ਕਰਦੇ ਹੋਏ ਹੈ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਨਾ ਹੋਣ ਕਾਰਨ ਚੰਡੀਗੜ੍ਹ ਦੇ ਵਸਨੀਕਾਂ ਦੀ ਜ਼ਿੰਦਗੀ 'ਨਰਕ' ਬਣ ਗਈ ਹੈ।