ਮੌਤ ਤੋਂ ਬਾਅਦ ਸਰੀਰ ਦਾਨ ਕਰਨਾ ਇੱਕ ਮਹਾਨ ਕਾਰਜ: ਐਸਡੀਐਮ ਵਿਪਿਨ ਭੰਡਾਰੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 21 ਮਈ 2025- ਸ਼੍ਰੀ ਵਿਪਨ ਭੰਡਾਰੀ ਐਸਡੀਐਮ ਬੰਗਾ ਨੇ ਬੰਗਾ ਦੇ ਕੱਜਲਾ ਰੋਡ ਦੇ ਨਿਵਾਸੀ ਸ਼੍ਰੀ ਜਗਨਨਾਥ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਮਲਜੀਤ ਕੌਰ ਨੂੰ ਆਈਡੀ ਕਾਰਡ ਸੌਂਪਿਆ, ਜਿਨ੍ਹਾਂ ਨੇ ਮੌਤ ਤੋਂ ਬਾਅਦ ਆਪਣੇ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਸੀ, ਇਨ੍ਹਾਂ ਦੋਨੋ ਨੇ ਇਹ ਤਰਕਸ਼ੀਲ ਸੋਸਾਇਟੀ, ਪੰਜਾਬ ਦੀ ਨਵਾਂਸ਼ਹਿਰ ਇਕਾਈ ਦੇ ਵਿੱਤ ਸਕੱਤਰ ਸੁਖਵਿੰਦਰ ਸਿੰਘ ਗੋਗਾ ਤੋਂ ਪ੍ਰੇਰਿਤ ਹੋ ਕੇ ਇਹ ਫਾਰਮ ਭਰੇ ਹਨ। ਇਸ ਮੌਕੇ ਐਸਡੀਐਮ ਵਿਪਨ ਭੰਡਾਰੀ ਨੇ ਕਿਹਾ ਕਿ ਮੌਤ ਤੋਂ ਬਾਅਦ ਸ਼ਰੀਰ ਦਾ ਸੰਸਕਾਰ ਕਰਨ ਦੀ ਬਜਾਏ ਜੇਕਰ ਇਸਨੂੰ ਕਿਸੇ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਂਦਾ ਹੈ, ਤਾਂ ਇਹ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਮੌਤ ਤੋਂ ਬਾਅਦ ਸਰੀਰ ਦਾਨ ਕਰਨਾ ਇੱਕ ਮਹਾਨ ਅਤੇ ਪੁੰਨ ਦਾ ਕੰਮ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੁਖਵਿੰਦਰ ਸਿੰਘ ਗੋਗਾ ਨੇ ਖੁਦ ਦੇਹ ਦਾਨ ਫਾਰਮ ਭਰਿਆ ਹੈ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੀ ਪਤਨੀ ਰੂਬੀ ਬੰਗਾ, ਉਨ੍ਹਾਂ ਦੇ ਮਾਮੇ ਯਮੁਨਾ ਦਾਸ, ਮਾਮੀ ਬਚਨੋ ਦੇਵੀ, ਹੁਣ ਉਨ੍ਹਾਂ ਦੇ ਭਰਾ ਜਗਨਨਾਥ ਅਤੇ ਭਰਜਾਈ ਕਮਲਜੀਤ ਕੌਰ ਨੇ ਵੀ ਦੇਹ ਦਾਨ ਫਾਰਮ ਭਰਿਆ ਹੈ। ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਨੇ ਕਿਹਾ ਕਿ ਜੋ ਲੋਕ ਆਪਣੀ ਇੱਛਾ ਅਨੁਸਾਰ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਫਾਰਮ ਭਰੇ ਜਾਂਦੇ ਹਨ ਅਤੇ ਪਿਮਸ ਮੈਡੀਕਲ ਕਾਲਜ ਅਤੇ ਹਸਪਤਾਲ ਜਲੰਧਰ ਜਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਭੇਜੇ ਜਾਂਦੇ ਹਨ।
ਉਨ੍ਹਾਂ ਦੇ ਆਈਡੀ ਕਾਰਡ ਉੱਥੋਂ ਬਣਾਕੇ ਆਂਦੇ ਹਨ। ਉਨ੍ਹਾਂ ਕਿਹਾ ਕਿ ਅੱਜ 138-139 ਵੇ ਸਰੀਰ ਦਾਨੀਆਂ ਨੂੰ ਪਛਾਣ ਪੱਤਰ ਦਿੱਤੇ ਗਏ ਹਨ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਸਰੀਰ ਦਾਨ ਕਰਕੇ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਹੈ। ਇਸ ਮੌਕੇ 'ਤੇ ਸਰੀਰ ਦਾਨ ਕਰਨ ਵਾਲੇ ਸ਼੍ਰੀ ਜਗਨਨਾਥ ਅਤੇ ਕਮਲਜੀਤ ਕੌਰ ਜੀ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕੋਈ ਵਿਦਿਆਰਥੀ ਉਨ੍ਹਾਂ ਦੇ ਨਾਸ਼ਵਾਨ ਸਰੀਰਾਂ ਤੋਂ ਸਿੱਖ ਕੇ ਡਾਕਟਰ ਬਣੇ ਅਤੇ ਲੋਕਾਂ ਦੀਆਂ ਜਾਨਾਂ ਬਚਾਵੇ। ਇਸੇ ਲਈ ਉਹਨਾਂ ਨੇ ਇਹ ਫਾਰਮ ਭਰਿਆ ਹੈ। ਇਸ ਮੌਕੇ,ਤਰਕਸ਼ੀਲ ਸੁਸਾਇਟੀ ਤੋਂ ਰੂਬੀ ਬੰਗਾ, ਸੁਖਵਿੰਦਰ ਸਿੰਘ ਗੋਗਾ , ਦੋਆਬਾ ਸੇਵਾ ਸੰਮਤੀ ਤੋਅਸ਼ੋਕ ਸ਼ਰਮਾ ਸੇਵਾਮੁਕਤ ਬੈਂਕ ਮੈਨੇਜਰ, ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾ ਸੇਵਾਮੁਕਤ ਸੁਪਰਡੈਂਟ, ਗੁਰਦੀਪ ਸਿੰਘ ਹਾਫ਼ਿਜ਼ਾਬਾਦੀ ਹਾਜ਼ਰ ਸਨ|