ਬੀਜ ਤਕਨਾਲੋਜੀ ਖੋਜ ਵਾਸਤੇ ਪੀ.ਏ.ਯੂ. ਦੇ ਕੇਂਦਰ ਨੂੰ ਸਰਵੋਤਮ ਇਨਾਮ ਪ੍ਰਾਪਤ ਹੋਇਆ
ਲੁਧਿਆਣਾ 20 ਮਈ, 2025 - ਪੀ.ਏ.ਯੂ. ਨੂੰ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਫਸਲਾਂ ਦੇ ਬੀਜਾਂ ਦੀ ਖੋਜ ਤਕਨਾਲੋਜੀ ਲਈ ਕੀਤੇ ਕਾਰਜਾਂ ਵਾਸਤੇ ਸਰਵੋਤਮ ਖੋਜ ਕੇਂਦਰ ਦਾ ਇਨਾਮ ਪ੍ਰਦਾਨ ਕੀਤਾ ਗਿਆ| ਇਹ ਇਨਾਮ ਬੀਤੇ ਦਿਨੀਂ ਪ੍ਰੋਜੈਕਟ ਦੀ ਸਾਂਝੀ ਸਲਾਨਾ ਮਿਲਣੀ ਦੌਰਾਨ ਆਈ ਸੀ ਏ ਆਰ ਦੇ ਨਿਰਦੇਸ਼ਕ ਜਨਰਲ ਡਾ. ਐੱਮ ਐੱਲ ਜਾਟ ਨੇ ਪ੍ਰਦਾਨ ਕੀਤਾ|
ਰਾਸ਼ਟਰੀ ਪੱਧਰ ਤੇ ਬੀਜ ਵਿਗਿਆਨ ਦੇ ਖੇਤਰ ਵਿਚ ਪੀ.ਏ.ਯੂ. ਦੀ ਖੋਜ ਨੂੰ ਮਾਣਤਾ ਦਿੰਦਿਆਂ ਇਹ ਸਵੀਕਾਰ ਕੀਤਾ ਗਿਆ ਕਿ ਯੂਨੀਵਰਸਿਟੀ ਨੇ ਵੱਖ-ਵੱਖ ਫਸਲਾਂ ਦੀਆਂ ਕਿਸਮਾਂ ਦੇ ਬੀਜਾਂ ਦੀ ਖੋਜ ਲਈ ਮਹੱਤਵਪੂਰਨ ਕਾਰਜ ਕੀਤਾ ਹੈ| ਇਸ ਤੋਂ ਇਲਾਵਾ ਇਸ ਖੇਤਰ ਦੀਆਂ ਹੋਰ ਤਕਨਾਲੋਜੀਆਂ ਜਿਵੇਂ ਦਰਜਾਬੰਦੀ, ਨਵੀਆਂ ਕਿਸਮਾਂ ਨੂੰ ਜਾਰੀ ਕਰਨਾ, ਬੀਜ ਸੁਧਾਈ ਦੀਆਂ ਨਵੀਨ ਤਕਨਾਲੋਜੀਆਂ ਰਾਹੀਂ ਖੇਤ ਫਸਲਾਂ ਦੇ ਬੀਜਾਂ ਦਾ ਵਿਕਾਸ ਆਦਿ ਸ਼ਾਮਿਲ ਹੈ| ਇਸ ਤੋਂ ਇਲਾਵਾ ਹਾਈਬ੍ਰਿਡ ਸ਼ੁੱਧਤਾ ਲਈ ਮੌਲੀਕਿਊਲਰ ਮਾਰਕਰਾਂ ਦਾ ਵਿਕਾਸ ਅਤੇ ਬੀਜ ਪ੍ਰਮਾਣੀਕਰਨ ਵਾਸਤੇ ਕੀਤੇ ਕਾਰਜਾਂ ਨੂੰ ਵੀ ਪਛਾਣਿਆ ਗਿਆ|
ਜ਼ਿਕਰਯੋਗ ਹੈ ਕਿ ਪੀ.ਏ.ਯੂ. ਦੀਆਂ ਬੀਜ ਇਕਾਈਆਂ ਨੇ ਉੱਚ ਪੱਧਰੀ ਬਰੀਡਰ, ਫਾਊਡੇਸ਼ਨ ਅਤੇ ਪ੍ਰਮਾਣੀਕ੍ਰਿਤ ਬੀਜਾਂ ਦੇ ਉਤਪਾਦਨ ਅਤੇ ਵੰਡ ਦੇ ਖੇਤਰ ਵਿਚ ਅਹਿਮ ਕਾਰਜ ਕੀਤਾ ਹੈ| ਇਹ ਕਾਰਜ ਰਾਜ ਦੇ ਕਿਸਾਨਾਂ ਦੇ ਨਾਲ-ਨਾਲ ਬੀਜ ਉਤਪਾਦਕਾਂ ਲਈ ਬੇਹੱਦ ਮਹੱਤਵਪੂਰਨ ਸਾਬਿਤ ਹੋਇਆ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਸਮੇਤ ਡਾ. ਰਜਿੰਦਰ ਸਿੰਘ ਨੇ ਨਿਰਦੇਸ਼ਕ ਬੀਜ ਡਾ. ਅਮਨਦੀਪ ਸਿੰਘ ਬਰਾੜ ਅਤੇ ਉਹਨਾਂ ਦੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ| ਇਸ ਟੀਮ ਵਿਚ ਡਾ. ਇੰਦਰਪ੍ਰੀਤ ਧਾਲੀਵਾਲ, ਡਾ. ਗੌਰਵ ਖੋਸਲਾ, ਡਾ. ਨਵਜੋਤ ਕੌਰ ਅਤੇ ਡਾ. ਅੰਜੂ ਬਾਲਾ ਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਗਈ|