ਬਠਿੰਡਾ ਦੇ MLA ਦੀ ਥਾਂ ਮੇਅਰ ਨੇ ਡੀਸੀ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਈ ਝੋਨੇ ਦੀ ਸਰਕਾਰੀ ਖ਼ਰੀਦ
ਅਸ਼ੋਕ ਵਰਮਾ
ਬਠਿੰਡਾ, 6 ਅਕਤੂਬਰ 2026 : ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਅਰ ਨਗਰ ਨਿਗਮ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਜ ਬਠਿੰਡਾ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਢੇਰੀ ਨੂੰ ਬੋਲੀ ਲਗਵਾਕੇ ਖਰੀਦ ਦੀ ਸ਼ੁਰੂਆਤ ਕਰਵਾਈ। ਇਸ ਤੋਂ ਪਹਿਲਾਂ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਸਰਕਾਰੀ ਖਰੀਦ ਸ਼ੁਰੂ ਕਰਵਾਉਂਦੇ ਰਹੇ ਹਨ। ਪਿਛਲੇ ਕਈ ਮਹੀਨਿਆਂ ਤੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਦਮਜੀਤ ਮਹਿਤਾ ਬਠਿੰਡਾ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਦੇ ਉਮੀਦਵਾਰ ਹੋਣਗੇ। ਇਹੋ ਕਾਰਨ ਹੈ ਕਿ ਅਧਿਕਾਰੀ ਹੁਣ ਸ਼ਹਿਰ ਦੇ ਜ਼ਿਆਦਾਤਰ ਕੰਮ ਕਾਜ ਦਾ ਉਦਘਾਟਨ ਮੇਅਰ ਹੱਥੋਂ ਹੀ ਕਰਵਾਉਣ ਲੱਗੇ ਹਨ। ਇਸੇ ਲੜੀ ਤਹਿਤ ਮੇਅਰ ਪਦਮਜੀਤ ਸਿੰਘ ਮਹਿਤਾ ਡਿਪਟੀ ਕਮਿਸ਼ਨਰ ਨਾਲ ਦਾਣਾ ਮੰਡੀ ਪੁੱਜੇ ਅਤੇ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਕਰਵਾਇਆ।
ਝੋਨੇ ਦੀ ਖਰੀਦ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਇਸ ਮੌਕੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਸਮੇਂ-ਸਿਰ ਖਰੀਦ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਗਏ ਖਰੀਦ ਕੇਂਦਰਾਂ ਵਿੱਚ 14.74 ਲੱਖ ਮੀਟ੍ਰਿਕ ਟਨ ਮਿੱਥੇ ਗਏ ਟੀਚੇ ਤਹਿਤ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਲਈ ਸਮੂਹ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ। ਝੋਨੇ ਦੀ ਭਰਾਈ ਲਈ ਏਜੰਸੀਆਂ ਕੋਲ ਲੋੜੀਂਦਾ ਬਾਰਦਾਨਾ ਵੀ ਆ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਦੀ ਖਰੀਦ, ਚੁਕਾਈ ਅਤੇ ਅਦਾਇਗੀ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵਿੱਚ ਪੀਣ ਵਾਲੇ ਪਾਣੀ, ਛਾਂ, ਸਾਫ-ਸਫ਼ਾਈ ਤੋਂ ਇਲਾਵਾ ਪਖਾਨਿਆਂ ਦਾ ਪ੍ਰਬੰਧ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਖਰੀਦ ਏਜੰਸੀਆਂ ਦੇ ਜਿਲ੍ਹਾ ਮੈਨੇਜਰਾਂ ਨੂੰ ਹਦਾਇਤਾਂ ਕੀਤੀਆ ਜਾ ਚੁੱਕੀਆਂ ਹਨ ਕਿ ਮੰਡੀਆਂ ਵਿੱਚ ਬਾਰਦਾਨਾ ਸਮੇਂ-ਸਿਰ ਉਪਲੱਬਧ ਕਰਵਾਇਆ ਜਾਵੇ ਤੇ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਅਤੇ ਅਦਾਇਗੀ ਸਮੇਂ-ਸਿਰ ਕਰਵਾਉਣੀ ਯਕੀਨੀ ਬਣਾਈ ਜਾਵੇ।
ਮੇਅਰ ਨਗਰ ਨਿਗਮ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਸ਼੍ਰੀ ਬੱਲੀ ਬਲਜੀਤ, ਫ਼ੂਡ ਅਤੇ ਸਿਵਲ ਸਪਲਾਈ ਅਫਸਰ ਸ਼੍ਰੀ ਹਰਸ਼ਿਤ ਮਹਿਤਾ ਆਦਿ ਹਾਜ਼ਰ ਸਨ ।
- Download Babushahi App
-
-