ਨਸ਼ਾ ਤਸਕਰਾਂ ’ਤੇ ਲੁਧਿਆਣਾ ਪੁਲਿਸ ਦਾ ‘ਵਾਰ’
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 10 ਕੇਸ ਦਰਜ, 11 ਤਸਕਰ ਗ੍ਰਿਫ਼ਤਾਰ; ਰੇਲਵੇ ਸਟੇਸ਼ਨ ’ਤੇ CASO, ਕੈਮਿਸਟਾਂ ਦੀ ਅਚਨਚੇਤ ਜਾਂਚ
ਲੁਧਿਆਣਾ, 6 ਅਕਤੂਬਰ (ਸੁਖਮਿੰਦਰ ਭੰਗੂ)
ਨਸ਼ਿਆਂ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਆਪਣੀ ਮੁਹਿੰਮ ਹੋਰ ਤੇਜ਼ ਕਰਦਿਆਂ ਅੱਜ ਸ਼ਹਿਰ ਵਿੱਚ ਵੱਡੀ ਕਾਰਵਾਈ ਕੀਤੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐੱਸ. ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ NDPS ਐਕਟ ਤਹਿਤ 10 ਐੱਫ.ਆਈ.ਆਰ. ਦਰਜ ਕਰਕੇ 11 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨਸ਼ਿਆਂ ਖ਼ਿਲਾਫ਼ ਕਾਰਵਾਈ ਦੇ ਨਾਲ ਪੁਲਿਸ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਕੁੰਦਨ ਵਿਦਿਆ ਮੰਦਰ, ਸਰਕਾਰੀ ਮਲਟੀਪਰਪਜ਼ ਸਕੂਲ ਅਤੇ ਸਰਕਾਰੀ ਗਰਲਜ਼ ਹਾਈ ਸਕੂਲ ਵਿੱਚ ਜਾਗਰੂਕਤਾ ਸੈਸ਼ਨ ਕਰਵਾਏ ਗਏ। ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ-ਮੁਕਤ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸੇ ਦੌਰਾਨ ਰੇਲਵੇ ਸਟੇਸ਼ਨ ਇਲਾਕੇ ਵਿੱਚ ਕੋਰਡਨ ਐਂਡ ਸਰਚ ਆਪ੍ਰੇਸ਼ਨ (CASO) ਚਲਾਇਆ ਗਿਆ। ਥਾਣਾ ਸਰਾਭਾ ਨਗਰ ਦੀ ਹੱਦ ਅਧੀਨ ਪਿੰਡ ਬੈਂਸ ਵਿੱਚ ਵਿਲੇਜ ਡਿਫੈਂਸ ਕਮੇਟੀ ਦੀ ਮੀਟਿੰਗ ਕਰਕੇ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਗਿਆ ਅਤੇ ਸਥਾਨਕ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ।
ਕਿਲਾ ਮੁਹੱਲਾ ਇਲਾਕੇ ਵਿੱਚ ਕੈਮਿਸਟ ਅਤੇ ਮੈਡੀਕਲ ਸਟੋਰਾਂ ਦੀ ਅਚਨਚੇਤ ਜਾਂਚ ਵੀ ਕੀਤੀ ਗਈ। ਪੁਲਿਸ ਵੱਲੋਂ ਦਵਾਈਆਂ ਦੀ ਵਿਕਰੀ ਦੇ ਰਿਕਾਰਡ ਅਤੇ ਨਿਯੰਤਰਿਤ ਦਵਾਈਆਂ ਦੀ ਜਾਂਚ ਕਰਦਿਆਂ ਆਦਤ ਪੈਦਾ ਕਰਨ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ’ਤੇ ਨਜ਼ਰ ਰੱਖੀ ਗਈ।
ਲੁਧਿਆਣਾ ਪੁਲਿਸ ਨੇ ਇਸ ਮੁਹਿੰਮ ਤਹਿਤ ਨਸ਼ਾ ਤਸਕਰੀ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਜਾਰੀ ਰੱਖਣ ਦਾ ਦਾਅਵਾ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਕਾਨੂੰਨੀ ਕਾਰਵਾਈ ਦੇ ਨਾਲ ਲੋਕਾਂ ਦੀ ਭਾਗੀਦਾਰੀ ਅਤੇ ਪੁਲਿਸ-ਪਬਲਿਕ ਸਹਿਯੋਗ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।
- Download Babushahi App
-
-