ਗੁਰਦਾਸਪੁਰ: ਨਾਲੇ ਦਾ ਜੰਗਲਾਂ ਪੁੱਟ ਕੇ ਲੈ ਗਏ ਚੋਰ, ਪੁਲਿਸ ਕਹਿੰਦੀ ਇਹਦੀ ਕਾਹਦੀ ਰਿਪੋਰਟ ਲਿਖੀਏ- ਲੋਕਾਂ ਦਾ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ , 21 ਮਈ 2025- ਨਸ਼ੇੜੀ ਕਿਸਮ ਦੇ ਚੋਰਾਂ ਨੇ ਹੁਣ ਨਾਲਿਆਂ ਨਾਲੀਆਂ ਦੇ ਜੰਗਲਿਆਂ ਨੂੰ ਵੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਕਈ ਦੁਰਘਟਨਾਵਾਂ ਵੀ ਵਾਪਰ ਰਹੀਆਂ ਹਨ ਪਰ ਮੁਹੱਲੇ ਵਾਲੇ ਇਕੱਠੇ ਹੋ ਕੇ ਜਦੋਂ ਪੁਲਿਸ ਥਾਣੇ ਗਏ ਤਾਂ ਥਾਣੇ ਵਿੱਚ ਬੈਠਾ ਮੁੰਸ਼ੀ ਕਹਿੰਦਾ ਕਿ ਇਸਦੀ ਕਾਹਦੀ ਰਿਪੋਰਟ ਲਿਖੀਏ , ਇੱਕ ਜੰਗਲਾ ਹੀ ਤਾਂ ਚੋਰੀ ਹੋਇਆ ਹੈ।
ਮਾਮਲਾ ਗੀਤਾ ਭਵਨ ਰੋਡ ਤੇ ਸਥਿਤ ਬਾਬਾ ਸਲੰਡਰ ਵਾਲੀ ਗਲੀ ਦਾ ਹੈ। ਗਲੀ ਦੇ ਬਾਹਰ ਰੋਡ ਤੋਂ ਨਿਕਲਦੇ ਮੁੱਖ ਨਾਲੇ ਤੋਂ ਚੋਰ ਜੰਗਲਾਂ ਚੋਰੀ ਕਰਕੇ ਲੈ ਗਏ ਹਨ।ਇਕਠੇ ਹੋਏ ਮੁਹੱਲਾ ਨਿਵਾਸੀਆਂ ਵਰੁਣ ਮਰਵਾਹਾ ਮਿੱਠੂ, ਗੁਰਪ੍ਰੀਤ ਕੌਰ ਅਤੇ ਬਿੱਟੂ ਨੇ ਦੱਸਿਆ ਕਿ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਮੁੱਖ ਨਾਲੇ ਤੋਂ ਜੰਗਲਾ ਚੋਰੀ ਹੋਣ ਕਾਰਨ ਰੋਜ਼ ਦੁਰਘਟਨਾਵਾਂ ਹੋ ਰਹੀਆਂ ਹਨ।ਉਹ ਚੋਰੀ ਦੀ ਸ਼ਿਕਾਇਤ ਕਰਨ ਥਾਣੇ ਗਏ ਤਾਂ ਥਾਣੇ ਵਿੱਚ ਮੌਜੂਦ ਪੁਲਸ ਕਰਮਚਾਰੀ ਨੇ ਰਿਪੋਰਟਰ ਲਿਖ਼ਣ ਤੋਂ ਇਨਕਾਰ ਕਰ ਦਿੱਤਾ।
ਦੁਰਘਟਨਾਵਾਂ ਦਾ ਸ਼ਿਕਾਰ ਜ਼ਿਆਦਾਤਰ ਮੋਟਰਸਾਈਕਲ ਸਵਾਰ ਹੀ ਬਣ ਰਹੇ ਹਨ ਪਰ ਉਹਨਾਂ ਨੂੰ ਆਪਣੇ ਬੱਚਿਆਂ ਦਾ ਡਰ ਲੱਗਿਆ ਰਹਿੰਦਾ ਹੈ ਕਿਉਂਕਿ ਉਹ ਵੀ ਸਕੂਲ ਆਉਂਦੇ ਜਾਂਦੇ ਹਨ ਤੇ ਗਲੀ ਵਿੱਚ ਖੇਡਦੇ ਹਨ।ਬਲੈਕ ਆਊਟ ਦੇ ਦਿਨਾਂ ਵਿੱਚ ਅਜਿਹੀਆਂ ਦੁਰਘਟਨਾਵਾਂ ਹੋਰ ਵੱਧ ਗਈਆਂ ਸੀ। ਉਹ ਇਸਨੂੰ ਲੈ ਕੇ ਇਲਾਕੇ ਦੇ ਕੌਂਸਲਰ ਨੂੰ ਵੀ ਮਿਲੇ ਪਰ ਹਜੇ ਤੱਕ ਸਮੱਸਿਆ ਹੱਲ ਨਹੀਂ ਹੋਈ।ਉਥੇ ਹੀ ਜਦੋਂ ਇਸ ਬਾਰੇ ਮੁਹੱਲੇ ਦੇ ਕੌਂਸਲਰ ਅਸ਼ੋਕ ਭੁੱਟੋ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਨਸ਼ੇੜੀਆਂ ਦਾ ਕੰਮ ਹੈ ਜੋ ਹੁਣ ਨਾਲੀਆਂ ਦੇ ਜੰਗਲੇ ਤੱਕ ਚੋਰੀ ਕਰਨ ਲੱਗ ਪਏ ਹਨ। ਸਮੱਸਿਆ ਹੁਣ ਉਹਨਾਂ ਦੇ ਧਿਆਨ ਵਿੱਚ ਆ ਗਈ ਹੈ, ਅਤੇ ਦੋ ਤਿੰਨ ਦਿਨ ਵਿੱਚ ਹੀ ਜੰਗਲਾ ਲਗਵਾ ਦਿੱਤਾ ਜਾਏਗਾ।