ਅਜ਼ਾਦੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਗੁਰਦਾਸਪੁਰ ਵਿਖੇ ਰਿਹਰਸਲ ਹੋਈ
ਰਿਹਰਸਲ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ, 08 ਅਗਸਤ 15 ਅਗਸਤ ਨੂੰ ਮਨਾਏ ਜਾ ਰਹੇ ਕੌਮੀ ਅਜ਼ਾਦੀ ਦਿਹਾੜੇ ਦੀ ਦੂਸਰੀ ਰਿਹਰਸਲ ਅੱਜ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੋਈ। ਐੱਸ.ਡੀ.ਐੱਮ. ਸ. ਮਨਜੀਤ ਸਿੰਘ ਰਾਜਲਾ ਅਤੇ ਹੋਰ ਅਧਿਕਾਰੀਆਂ ਵੱਲੋਂ ਇਸ ਰਿਹਰਸਲ ਦਾ ਜਾਇਜ਼ਾ ਲਿਆ ਗਿਆ।
ਅੱਜ ਦੀ ਰਿਹਰਸਲ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਸ਼ੋਅ, ਦੇਸ਼ ਭਗਤੀ ਅਤੇ ਪੰਜਾਬੀ ਸਭਿਆਚਾਰ ਨੂੰ ਰੂਪਮਾਨ ਕਰਦੇ ਪ੍ਰੋਗਰਾਮ ਦੀ ਰਿਹਰਸਲ ਕੀਤੀ ਗਈ। ਐੱਸ.ਡੀ.ਐੱਮ. ਸ. ਮਨਜੀਤ ਸਿੰਘ ਰਾਜਲਾ ਨੇ ਪ੍ਰਬੰਧਾਂ ਵਿੱਚ ਲੱਗੇ ਅਧਿਕਾਰੀਆਂ ਅਤੇ ਸਭਿਆਚਾਰਕ ਸਮਾਗਮ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਐੱਸ.ਡੀ.ਐੱਮ. ਸ. ਮਨਜੀਤ ਸਿੰਘ ਰਾਜਲਾ ਨੇ ਕਿਹਾ ਕਿ ਅਗਲੀ ਰਿਹਰਸਲ 11 ਅਗਸਤ ਨੂੰ ਹੋਵੇਗੀ ਜਦਕਿ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਖੇ ਹੋਣ ਵਾਲਾ ਜ਼ਿਲ੍ਹਾ ਪੱਧਰੀ ਅਜ਼ਾਦੀ ਸਮਾਗਮ ਸ਼ਾਨਦਾਰ ਅਤੇ ਯਾਦਗਾਰੀ ਹੋਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਸਮਾਂ ਕੱਢ ਕੇ ਅਜ਼ਾਦੀ ਜਸ਼ਨਾਂ ਵਿੱਚ ਜ਼ਰੂਰ ਸ਼ਾਮਲ ਹੋਣ।
ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਜੇਸ਼ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਕਲਸੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤਪ੍ਰੀਤ ਕੌਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਅਨੀਤਾ, ਹੈੱਡ ਮਾਸਟਰ ਇਕਬਾਲ ਸਮਰਾ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਮੁਕੇਸ਼ ਕੁਮਾਰ, ਪ੍ਰਦੀਪ ਅਰੋੜਾ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ ਵਿੰਗ) ਸ੍ਰੀ ਪ੍ਰਵੀਨ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।