ਫ਼ਰੀਦਕੋਟ-ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਘੁਗਿਆਣਾ ਦੇ ਰਹਿਣ ਵਾਲੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਾਲਮ-ਨਵੀਸ ਸ੍ਰੀ ਨਿੰਦਰ ਘੁਗਿਆਣਵੀ ਨੇ ਬੀਤੇ ਦਿਨੀਂ ਦਿੱਲੀ ਦੇ ਗੌਲਫ਼ ਕਲੱਬ ਵਿਖੇ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕ ਚੀਫ ਜਸਟਿਸ ਮਾਣਯੋਗ ਸ੍ਰੀ ਤੀਰਥ ਸਿੰਘ ਠਾਕੁਰ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਵੀ ਹਾਜ਼ਰ ਸਨ। ਨਿੰਦਰ ਘੁਗਿਆਣਵੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਜਸਟਿਸ ਠਾਕੁਰ ਨੇ ਉਨ੍ਹਾਂ ਦੀ ਇਸ ਗੱਲੋਂ ਖ਼ੂਬ ਹੌਸਲਾ ਅਫਜ਼ਾਈ ਕੀਤੀ ਕਿ ਉਹ ਨਿਆਂ-ਪਾਲਿਕਾ ਮਹਿਕਮੇ ਵਿਚ ਰਹਿੰਦੇ ਹੋਏ ਵੀ ਸਾਹਿਤ ਅਤੇ ਕਲਾਵਾਂ ਨਾਲ ਜੁੜੇ ਰਹੇ ਤੇ ਨਿਆਂ ਪਾਲਿਕਾ ਦੇ ਵੱਖ-ਵੱਖ ਪਹਿਲੂਆਂ ਬਾਰੇ ਪੁਸਤਕਾਂ ਲਿਖੀਆਂ। ਜਸਟਿਸ ਤੀਰਥ ਸਿੰਘ ਠਾਕੁਰ ਨੇ ਆਖਿਆ ਕਿ ਉਹ ਉਨ੍ਹਾਂ ਦੀ ਸਵੈ-ਜੀਵਨੀ ਦਾ ਹਿੰਦੀ ਰੂਪ 'ਮੈਂ ਤਾਂ ਜੱਜ ਕਾ ਅਰਦਲੀ' ਪੜ੍ਹ ਕੇ ਬੇਹੱਦ ਪ੍ਰਭਾਵਿਤ ਹੋਏ ਸਨ। ਉਨ੍ਹਾਂ ਇਸ ਗੱਲੋਂ ਵੀ ਲੇਖਕ ਨੂੰ ਵਧਾਈ ਦਿੱਤੀ ਕਿ ਇਸ ਪੁਸਤਕ ਦਾ ਕਈ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਤੇ ਲੱਕਾਂ ਪਾਠਕਾਂ ਤੱਕ ਪੁੱਜੀ।
ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਜਸਟਿਸ ਠਾਕੁਰ ਨੇ ਉਨ੍ਹਾਂ ਨੂੰ ਨਿਆਂ-ਪਾਲਿਕਾ ਦੇ ਕੁਝ ਹੋਰ ਪੱਖਾਂ ਬਾਰੇ ਹਮਦਰਦੀ ਪੂਰਨ ਖੋਜ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਉਨ੍ਹਾਂ ਦਿੱਲੀ ਵਿਚ ਪੰਜਾਬੀ ਬੋਲੀ ਅਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਾਏ ਜਾ ਰਹੇ ਯੋਗਦਾਨ ਲਈ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਦੇ ਕਾਰਜਾਂ ਦੀ ਸਰਾਹਨਾ ਕੀਤੀ। ਆਪਣੀ ਮੁਲਾਕਾਤ ਵਿਚ ਜਸਟਿਸ ਠਾਕੁਰ ਨੇ ਪੰਜਾਬੀ ਦੇ ਉੱਚਕੋਟੀ ਸ਼੍ਰੇਣੀ ਦੇ ਸ਼ਾਇਰਾਂ ਸ਼ਿਵ ਬਟਾਲਵੀ ਤੇ ਸੁਰਜੀਤ ਪਾਤਰ ਨੂੰ ਵੀ ਚੇਤੇ ਕੀਤਾ । ਸ੍ਰੀ ਗੁਰਾਇਆ ਨੇ ਦੱਸਿਆ ਕਿ ਉਹ ਉਨ੍ਹਾਂ ਦੀ ਮਿਕਨਾਤੀਸੀ ਤੇ ਮਿਲਾਪੜੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ।
ਫ਼ੋਟੋ- ਜਸਟਿਸ ਤੀਰਥ ਸਿੰਘ ਠਾਕੁਰ ਨੂੰ ਪੁਸਤਕਾਂ ਦਾ ਸੈੱਟ ਭੇਟ ਕਰਦੇ ਹੋਏ ਨਿੰਦਰ ਘੁਗਿਆਣਵੀ, ਨਾਲ ਹਨ ਗੁਰਭੇਜ ਗੁਰਾਇਆ