ਮੇਰਾ ਕੋਨਾ/ ਨਿੰਦਰ ਘੁਗਿਆਣਵੀ- ਵਿਰਾਸਤ ਸੰਧੂ ਦਾ 'ਪੰਜਾਬ'
ਅਜੋਕਾ ਚਰਚਿਤ ਗਾਇਕ ਵਿਰਾਸਤ ਸੰਧੂ ਨਵੀਂ ਤੇ ਨਿਵੇਕਲੀ ਸੁਰ ਦਾ ਮਾਲਕ ਹੈ। ਦਿਲ ਖਿੱਚਵੀਂ ਤੇ ਭਾਵਪੂਰਨ ਆਵਾਜ ਹੈ ਵਿਰਾਸਤ ਦੀ। ਇਹ ਵੀ ਆਖ ਸਕਦੇ ਹਾਂ ਕਿ ਉਸ ਕੋਲ ਇੱਕ ਵਿਰਾਸਤੀ ਆਵਾਜ਼ ਹੈ, ਜੋ ਕੁਦਰਤ ਕਿਸੇ ਕਿਸੇ ਨੂੰ ਹੀ ਬਖਸ਼ਿਸ਼ ਕਰਦੀ ਹੈ। ਉਸਨੇ ਆਪਣੀ ਮਧੁਰ ਆਵਾਜ ਵਿੱਚ ਕਈ ਗੀਤ ਗਾਏ ਨੇ ਪਰ ਮਿਆਰੀ ਗਾਏ ਨੇ। ਗੁਰੂ ਨਾਨਕ ਦੇਵ ਯੂਨੀਵਰਿਸਟੀ ਤੋਂ ਸੰਗੀਤ ਵਿਚ ਐਮ ਏ ਕਰਨ ਵਾਲੇ ਚਰਚਿਤ ਗਾਇਕ ਵਿਰਾਸਤ ਸੰਧੂ ਦੇ ਦੋ ਗੀਤਾਂ ਦੀ ਗੱਲ ਇਸ ਕਾਲਮ ਵਿਚ ਕਰਾਂਗਾ, ਇਕ ਗੀਤਕਾਰ ਕੁਲਦੀਪ ਰਾਠੌੜ ਨੇ ਲਿਖਿਆ ਹੈ ਤੇ ਇਕ ਲਿਖਿਆ ਹੈ ਰਾਜ ਲਹਿਲਾਂ ਨੇ।
ਮੈਨੂੰ ਉਸਦਾ ਗਾਇਆ ਤੇ ਲਹਿਲਾਂ ਦਾ ਲਿਖਿਆ ਗੀਤ 'ਆਖਰੀ ਪੀੜ੍ਹੀ' ਪ੍ਰਭਾਵਿਤ ਕਰਦਾ ਹੈ,ਜਿਸਦੇ ਆਰੰਭ ਵਿੱਚ ਸਾਡਾ ਹਰਮਨਪਿਆਰਾ ਵੀਰ ਗੁਰਪ੍ਰੀਤ ਘੁੱਗੀ ਮੋਹਵੰਤੇ ਸਵਾਗਤੀ ਸ਼ਬਦ ਬੋਲਦਾ ਹੈ। ਇਹ ਗੀਤ ਸੱਚੇ ਸੁੱਚੇ ਜਜ਼ਬਿਆਂ ਵਾਲੇ ਪੰਜਾਬੀ ਬੰਦੇ ਨੂੰ ਸੋਚੀਂ ਪਾਉਂਦਾ ਹੈ। ਸਚਮੁੱਚ ਹੀ ਅਸੀਂ ਆਖਰੀ ਪੀੜ੍ਹੀ ਹਾਂ, ਮੈਂ ਵੀ ਹੁਣ ਪੰਜਾਹਾਂ ਨੂੰ ਅੱਪੜ ਕੇ ਮਹਿਸੂਸ ਕਰਦਾ ਹਾਂ ਕਿ ਜਿਵੇਂ ਇਹ ਗੀਤ ਮੇਰੇ ਵਾਸਤੇ ਹੀ ਰਚਿਆ ਤੇ ਗਾਇਆ ਗਿਆ ਹੋਵੇ। ਸਰੋਤੇ ਨੂੰ ਇਸ ਤਰਾਂ ਦੀ ਮਹਿਸੂਸਣ ਸ਼ਕਤੀ ਹੀ ਸੱਚੀ ਕਲਾ ਵੱਲ ਆਕਰਸ਼ਿਤ ਕਰਦੀ ਹੈ। ਇਸ ਗੀਤ ਵਿਚ ਵਿਰਾਸਤ ਸੰਧੂ ਗਾਉਂਦਾ ਹੈ ਕਿ ਸਾਨੂੰ ਆਖਰੀ ਪੀੜ੍ਹੀ ਨੂੰ ਉੱਕਾ ਈ ਪਤਾ ਨਹੀਂ ਸੀ ਗੂਗਲ ਕੀ ਹੈ। ਟਵੀਟ ਟਵੂਟ ਤੇ ਸਨੈਪ ਚੈਟਾਂ ਕੀ ਨੇ, ਅਸੀਂ ਤਾਂ ਟਾਹਲੀਆਂ ਥੱਲੇ ਬਹਿਣ-ਸੌਣ ਵਾਲੇ ਹੁਣ ਏਸੀਆਂ ਵਿਚ ਸਾਹ ਘੁੱਟੀ ਬੈਠੇ ਹਾਂ।
ਸਾਡੇ ਖੇਤਾਂ ਵਿਚ ਖਲੋਤੇ ਬਾਜਰੇ ਸਾਡੇ ਘਰਾਂ ਦੀਆਂ ਕੰਧਾਂ ਤੋਂ ਵੀ ਉੱਚੇਰੇ ਸਨ। ਸਾਡੇ ਦਾਦਿਆਂ ਬਾਪੂਆਂ ਦੇ ਧੂੰਹਵੇਂ ਚਿੱਟੇ ਚਾਦਰਿਆਂ ਦੀਆਂ ਹਰ ਮੋੜ ਉਤੇ ਸਿਫਤਾਂ ਹੁੰਦੀਆਂ ਸਨ। ਅਸੀਂ ਸੱਚੀਓਂ ਓਸ 'ਆਖਰੀ ਪੀੜ੍ਹੀ' ਦੇ ਪੁੱਤ ਹਾਂ ਜਿਸ ਪੀੜ੍ਹੀ ਦੀਆਂ ਗਾਲਾਂ ਵਿਚ ਵੀ ਘਿਓ ਦੀਆਂ ਨਾਲਾਂ ਤੇ ਆਸੀਸਾਂ ਹੁੰਦੀਆਂ ਨੇ। ਗਾਇਕ ਇਸ ਗੀਤ ਵਿਚ ਪੰਜਾਬ ਦੀ ਅਪਣੱਤ ਭਰੀ ਪ੍ਰਾਹੁਣਾਚਾਰੀ ਨੂੰ ਵੀ ਖੂਬਸੂਰਤੀ ਨਾਲ ਗਾਉਂਦਿਆਂ ਕਹਿੰਦਾ ਹੈ ਕਿ ਕੰਮ ਪਿੱਛੋਂ ਪੁੱਛਣਾ, ਪਹਿਲਾਂ ਚਾਹ ਧਰਨੀ।
ਕੌੜਤੁੰਮੇ ਦੇ ਚੂਰਨ ਦੀ ਫੱਕੀ ਮਾਰਨੀ ਤੇ ਦਰਦਾਂ ਦੂਰ ਕਰਨੀਆਂ। ਸਾਡੀ ਕਾਹਦੀ ਗੁਡ ਮਾਰਨਿੰਗ ਹੈ, ਸਾਡਾ ਤੇ ਪਵਿੱਤਰ ਅੰਮ੍ਰਿਤ ਵੇਲਾ ਹੁੰਦਾ ਹੈ। ਅਸੀਂ ਕਦੀ ਕਦਾਈਂ ਸ਼ਹਿਰ ਗੇੜਾ ਮਾਰਨ ਜਾਣਾ। ਦੇਸੀ ਮਹਿਨਿਆਂ ਦੇ ਨਾਂ ਸਾਡੀਆਂ ਉਂਗਲਾਂ ਉਤੇ ਰੱਟੇ ਹੋਏ ਹੁੰਦੇ, ਸਾਨੂੰ ਕਿਸੇ ਕਾਪੀ ਡਾਇਰੀ ਦੀ ਲੋੜ ਨਹੀਂ। ਕੋਈ ਤਾਰੀਕ ਚੇਤੇ ਨਹੀਂ। ਇਸ ਗੀਤ ਬਾਬਤ ਹੋਰ ਬੜਾ ਕੁਝ ਲਿਖਿਆ ਪੜਿਆ ਤੇ ਬੋਲਿਆ ਜਾ ਸਕਦਾ ਹੈ। ਪਰ ਸੰਖੇਪਤਾ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ।
ਹੁਣ ਗੱਲ ਕਰਾਂ ਵਿਰਾਸਤ ਸੰਧੂ ਦੇ ਦੂਸਰੇ ਗੀਤ 'ਚੜ੍ਹਦੀ ਕਲਾ ਪੰਜਾਬ' ਦੀ। ਇਸ ਵਾਰ ਆਏ ਹੜਾਂ ਵੇਲੇ ਵਿਰਾਸਤ ਬਾਈ ਨੇ ਇਕ ਨਿਮਾਣੇ ਸੇਵਾਦਾਰ ਵਜੋਂ ਸੇਵਾ ਖੱਟੀ ਹੈ। ਵੀਡੀਓਜ ਵਿਚ ਦੇਖਿਆ ਕਿ ਉਹ ਕਿਵੇਂ ਭੱਜਿਆ ਫਿਰਦਾ ਸੀ ਪਾਣੀ ਮਾਰੇ ਪੀੜਤਾਂ ਨੂੰ ਗਲੇ ਲਗਾਉਂਦਾ। ਇਸੇ ਸਮੇਂ ਉਸਦੇ ਗਾਏ ਗੀਤ 'ਪੰਜਾਬ ਸਿਆਂ' ਨੇ ਧਿਆਨ ਮੱਲਿਆ, ਜੋ ਬੜੇ ਦਰੇਗ ਤੇ ਦਰਦ ਨਾਲ ਗਾਇਆ ਹੈ। ਇਹ ਖੂਬਸੂਰਤ ਪੇਸ਼ਕਸ਼ ਹੈ। ਵਾਰ ਵਾਰ ਸੁਣਦਿਆਂ ਮੇਰਾ ਮਨ ਭਰਦਾ ਰਿਹਾ। ਪੰਜਾਬ ਨੂੰ ਦਿਲੋਂ ਪਿਆਰ ਕਰਨ ਵਾਲਾ ਦਿਲ ਇਸ ਗੀਤ ਤੋਂ ਬਲਿਹਾਰੀ ਜਾਂਦਾ ਹੈ। ਪੰਜਾਬ ਦੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਜੋਦੜੀ ਤੇ ਅਰਦਾਸ ਵਿਰਾਸਤ ਸੰਧੂ ਦੀ ਆਪਣੀ ਗਾਇਨ ਕਲਾ ਪ੍ਰਤੀ ਸੰਜੀਦਗੀ, ਸੁਹਿਰਦਤਾ ਤੇ ਡੂੰਘੀ ਸਮਝ ਦੀ ਹਾਮੀ ਭਰਦੀ ਹੈ।
'ਪੰਜਾਬ ਸਿਆਂ' ਗੀਤ ਵਿੱਚ ਜਦ ਉਹ "ਰਹਿਣਾ ਏਂ" ਸ਼ਬਦ ਦਾ ਉਚਾਰਨ ਕਰਦਾ ਹੈ ਤਾਂ ਕਲੇਜੇ ਚਸਕ ਜਿਹੀ ਪੈਂਦੀ ਹੈ। ਉਹ ਸਿਰਫ ਏਧਰਲੇ ਪੰਜਾਬ ਦੀ ਹੀ ਨਹੀਂ ਸਗੋਂ ਓਧਰਲੇ ਪੰਜਾਬ ਦੀ ਵੀ ਗੱਲ ਕਰਦਿਆਂ ਉਸਨੂੰ 'ਸਾਡਾ' ਆਖਦਾ ਹੈ। ਪੰਜਾਬ ਨੂੰ ਸਰਬੱਤ ਦਾ ਭਲਾ ਮੰਨਣ ਵਾਲਾ ਪ੍ਰਾਂਤ ਆਖ ਕੇ ਸਤਿਕਾਰਦਾ ਹੈ। ਪੰਜਾਬ ਦੀ ਧਰਤੀ ਉਤੇ ਜੰਮੇ ਜਾਏ ਸੂਰਮਿਆਂ ਸੂਰਬੀਰਾਂ ਤੇ ਪੰਜਾਬ ਦੇ ਪਹਿਰਾਵੇ ਦੀ ਸ਼ੋਭਾ ਵੀ ਕਰਦਾ ਹੈ। ਨਨਕਾਣਾ ਸਾਹਿਬ ਨੂੰ ਜਾਣ ਦੀ ਖਿੱਚ ਭਰੇ ਵਲਵਲੇ ਵੀ ਪੇਸ਼ ਕਰਦਾ ਹੈ। ਪੰਜਾਬ ਦੀ ਮਿੱਟੀ ਵਿੱਚ ਹਰ ਜਨਮ ਖੇਡਣਾ ਤੇ ਲਿਟਣਾ ਲੋਚਦਾ ਹੈ। ਚਾਹੇ ਕਿਤੇ ਵੀ ਰਹੀਏ,ਪੰਜਾਬ ਤੋਂ ਚਾਹੇ ਦੂਰ ਵੀ ਰਹੀਏ ਪਰ ਪੰਜਾਬ ਦੀ ਰੂਹ ਸਾਡੇ ਮਨਾਂ ਮਸਤਕਾਂ ਵਿਚ ਵਸਦੀ ਲਿਸ਼ਕਦੀ ਰਹੇ। ਇਹੋ ਜਿਹੇ ਭਾਵ ਪਰਗਟ ਕਰਦਾ ਹੈ ਵਿਰਾਸਤ ਬਾਈ। ਮੈਂ ਉਸਦੇ ਦੋ ਗੀਤਾਂ ਦੀ ਗੱਲ ਕਰਦਿਆਂ ਪਰਸੰਨਤਾ ਤੇ ਮਾਣ ਮਹਿਸੂਸ ਕਰ ਰਿਹਾ ਹਾਂ, ਤੇ ਦੋਵੇਂ ਗੀਤਕਾਰਾਂ ਲਹਿਲਾਂ ਤੇ ਰਾਠੌੜ ਦੀ ਕਲਮ ਨੂੰ ਸਿਜਦਾ ਕਰਦਾ ਹਾਂ।

-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.