ਦੇਸ਼ ਦੇ ਉੱਘੇ ਲੇਖਕ ਤੇ ਮੀਡੀਆ ਬ੍ਰਾਡਕਾਸਟਰ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਨੈਸ਼ਨਲ ਚਾਣਕਿਆ ਮੀਡੀਆ ਜਰਨਲਿਜ਼ਮ ਅਵਾਰਡ ਨਾਲ ਸਨਮਾਨਿਤ ਹੋਏ
ਪਣਜੀ ,ਗੋਆ ( 1 ਅਕਤੂਬਰ 2025 ) ਦੇਸ਼ ਦੇ ਪ੍ਰਸਿੱਧ ਲੇਖਕ ਅਤੇ ਮੀਡੀਆ ਬ੍ਰਾਡਕਾਸਟਰ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਨੂੰ ਉਨ੍ਹਾਂ ਦੀ ਮੀਡੀਆ ਜਰਨਲਿਜ਼ਮ ਵਿੱਚ ਉੱਘੀਆਂ ਸੇਵਾਵਾਂ ਲਈ ਨੈਸ਼ਨਲ ਚਾਣਕੀਆ ਮੀਡੀਆ ਜਰਨਲਿਜ਼ਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਰੱਤੂ ਨੂੰ ਇਹ ਸਨਮਾਨ ਪਬਲਿਕ ਰਿਲੇਸ਼ਨਜ਼ ਕਾਉਂਸਲ ਆਫ਼ ਇੰਡੀਆ ਵੱਲੋਂ ਪਣਜੀ, ਗੋਆ ਵਿੱਚ ਆਯੋਜਿਤ 19ਵੀਂ ਗਲੋਬਲ ਕਮਿਊਨੀਕੇਸ਼ਨ ਕਾਨਕਲੇਵ ਵਿੱਚ ਪ੍ਰਦਾਨ ਕੀਤਾ ਗਿਆ। ਪੀ ਆਰ ਸੀ ਆਈ ਦੀ ਪਣਜੀ, ਗੋਆ ਵਿੱਚ ਹੋਈ ਵਿਸ਼ੇਸ਼ ਕਾਨਕਲੇਵ ਵਿੱਚ ਇਹ ਸਨਮਾਨ ਉਨ੍ਹਾਂ ਨੂੰ ਗੋਆ ਦੇ ਰਾਜਪਾਲ ਅਸ਼ੋਕ ਗਜਪਤੀ ਰਾਜੂ, ਮੁੱਖ ਮੰਤਰੀ ਗੋਆ ਪ੍ਰਮੋਦ ਸਾਵੰਤ ਅਤੇ ਪੀ ਆਰ ਸੀ ਆਈ ਪ੍ਰਧਾਨ ਐੱਮ ਬੀ ਜੈਰਾਮ, ਫਿਲਮ ਕਾਂਤਾਰਾ ਫੇਮ ਰਿਸ਼ਭ ਸ਼ੈੱਟੀ ਅਤੇ ਦੇਸ਼ ਭਰ ਤੋਂ ਆਏ ਮੀਡੀਆ ਮਾਹਿਰਾਂ ਦੀ ਗਰਿਮਾਮਈ ਮੌਜੂਦਗੀ ਵਿੱਚ ਭੇਟ ਕੀਤਾ ਗਿਆ।
ਆਪਣੇ ਬਿਆਨ ਵਿੱਚ ਡਾ. ਰੱਤੂ ਨੇ ਅਜਿਹੇ ਸੰਮੇਲਨਾਂ ਅਤੇ ਖੋਜ-ਅਧਾਰਿਤ ਆਪਸੀ ਸੰਵਾਦ ਨੂੰ ਜਨਸੰਚਾਰ ਅਤੇ ਮੀਡੀਆ ਜਰਨਲਿਜ਼ਮ ਲਈ ਬਹੁਤ ਸੁੰਦਰ ਪਹਿਲ ਕਿਹਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਦੇਸ਼ ਦੇ ਪ੍ਰਸਿੱਧ ਮੀਡੀਆ ਮਾਹਿਰ ਅਤੇ ਬ੍ਰਾਡਕਾਸਟਰ ਡਾ. ਰੱਤੂ ਨੂੰ ਇਸ ਤੋਂ ਪਹਿਲਾਂ ਦੇਸ਼-ਵਿਦੇਸ਼ ਤੋਂ ਕਈ ਉੱਘੇ ਪੁਰਸਕਾਰ ਮਿਲ ਚੁੱਕੇ ਹਨ ਅਤੇ ਟੈਲੀਵਿਜ਼ਨ ਦੀ ਭਾਸ਼ਾ ਤੇ ਪਹਿਲਾ ਖੋਜ ਪ੍ਰਬੰਧ ਲਿਖਣ ਵਾਲੇ ਡਾ. ਕ੍ਰਿਸ਼ਨ ਕੁਮਾਰ ਰੱਤੂ ਪਹਿਲੇ ਅਜਿਹੇ ਮਾਹਿਰ ਹਨ ਜਿਨ੍ਹਾਂ ਨੇ ਪ੍ਰਯੋਜਨਮੂਲਕ ਹਿੰਦੀ ਭਾਸ਼ਾ ਨੂੰ ਰੇਖਾਂਕਿਤ ਕੀਤਾ ਹੈ। ਇਸ ਸਮੇਂ ਡਾ. ਰੱਤੂ ਦੀਆਂ 90 ਤੋਂ ਵੱਧ ਪੁਸਤਕਾਂ ਵੱਖ-ਵੱਖ ਵਿਸ਼ਿਆਂ ਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ਿਰੋਮਣੀ ਸਾਹਿਤਕਾਰ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ। ਚਰਚਿਤ ਕਾਲਮਨਵੀਸ਼ ਲੇਖਕ ਵਜੋਂ ਉਨ੍ਹਾਂ ਦੇ ਕਾਲਮ ਦੇਸ਼ ਦੇ ਕਈ ਪ੍ਰਸਿੱਧ ਅਖਬਾਰਾਂ ਵਿੱਚ ਲਗਾਤਾਰ ਪ੍ਰਕਾਸ਼ਿਤ ਹੋ ਰਹੇ ਹਨ।