MP ਵਿਕਰਮਜੀਤ ਸਾਹਨੀ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਰਾਹਤ ਅਤੇ ਡੀ-ਸਿਲਟਿੰਗ ਕੰਮ ਦੀ ਸ਼ੁਰੂਆਤ
ਸੰਸਦ ਮੈਂਬਰ ਵਿਕਰਮਜੀਤ ਸਹਨੀ ਨੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 2 ਅਕਤੂਬਰ 2025- ਦਸ਼ਹਿਰੇ ਦੇ ਪਾਵਨ ਮੌਕੇ ‘ਤੇ ਰਾਜ ਸਭਾ ਸੰਸਦ ਮੈਂਬਰ ਪਦਮਸ਼੍ਰੀ ਡਾ. ਵਿਕਰਮਜੀਤ ਸਿੰਘ ਸਹਨੀ ਨੇ ਆਪਣੀ ਉਦਾਰਤਾ ਦਿਖਾਉਂਦੇ ਹੋਏ ਡੇਰਾ ਬਾਬਾ ਨਾਨਕ ਬਲਾਕ ਦੇ ਹੜ੍ਹ-ਪ੍ਰਭਾਵਿਤ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਬਾੜ ਰਾਹਤ ਅਤੇ ਪੁਨਰਵਾਸ ਕੰਮਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਸਥਾਨਕ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ (ਆਈ.ਏ.ਐਸ.) ਅਤੇ ਐਸਜੀਐਮ ਡੇਰਾ ਬਾਬਾ ਨਾਨਕ ਅਦਿਤਿਆ ਸ਼ਰਮਾ ਵੀ ਹਾਜ਼ਰ ਸਨ।
ਡਾ. ਸਹਨੀ ਨੇ ਦੱਸਿਆ ਕਿ ਰਾਹਤ ਕੰਮਾਂ ਦੇ ਤਹਿਤ ਰਾਵੀ ਦਰਿਆ ਕੰਢੇ ਪਿੰਡ ਧਰਮਕੋਟ ਪੱਟਣ ਵਿੱਚ 5 ਜੇ.ਸੀ.ਬੀ. ਮਸ਼ੀਨਾਂ ਅਤੇ 18 ਟਰੈਕਟਰ ਲਗਾਏ ਗਏ ਹਨ। ਇਸ ਇਲਾਕੇ ਵਿੱਚ 4 ਤੋਂ 6 ਫੁੱਟ ਤੱਕ ਪਾਣੀ ਭਰ ਜਾਣ ਕਰਕੇ ਸੈਂਕੜੇ ਏਕੜ ਖੜ੍ਹੀ ਫ਼ਸਲ ਤਬਾਹ ਹੋ ਗਈ ਹੈ, ਜਿਸ ਨਾਲ ਛੋਟੇ ਅਤੇ ਸੀਮਾਂਤ ਕਿਸਾਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਉਹਨਾਂ ਨੇ ਭਰੋਸਾ ਦਵਾਇਆ ਕਿ ਮਸ਼ੀਨਰੀ, ਤਜਰਬੇਕਾਰ ਸਟਾਫ਼ ਅਤੇ ਮਜ਼ਦੂਰ ਤਦੋਂ ਤੱਕ ਕੰਮ ਕਰਦੇ ਰਹਿਣਗੇ ਜਦੋਂ ਤੱਕ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦੇ ਅਤੇ ਉਹਨਾਂ ਦੀ ਜ਼ਮੀਨ ਰਬੀ ਦੀ ਫ਼ਸਲ ਲਈ ਤਿਆਰ ਨਹੀਂ ਹੋ ਜਾਂਦੀ।
ਬਾਅਦ ਵਿਚ, ਡਾ. ਸਹਨੀ ਨੇ ਹੜ੍ਹ -ਪ੍ਰਭਾਵਿਤ ਪਰਿਵਾਰਾਂ ਵਿੱਚ ਖੁਦ ਜਾ ਕੇ ਰਾਹਤ ਸਮੱਗਰੀ ਵੰਡਾਈ, ਜਿਸ ਵਿੱਚ ਬਿਸਤਰੇ, ਗੱਦੇ, ਫਾਗਿੰਗ ਮਸ਼ੀਨਾਂ, ਫਰਨੀਚਰ, ਕਿਚਨ ਸੈੱਟ, ਖਾਦਾਨ ਅਤੇ ਹੋਰ ਲੋੜੀਂਦੇ ਘਰੇਲੂ ਸਮਾਨ ਸ਼ਾਮਲ ਸਨ।
ਇਸ ਮੌਕੇ ‘ਤੇ ਡਾ. ਸਹਨੀ ਨੇ ਕਿਹਾ ਕੀ ਸਾਡੇ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਸ ਔਖੀ ਘੜੀ ਵਿੱਚ ਉਹਨਾਂ ਦੇ ਨਾਲ ਖੜ੍ਹਾ ਹੋਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ ਪਰ ਅਸੀਂ ਸਭ ਮਿਲ ਕੇ ਮੁੜ ਹੌਂਸਲੇ ਨਾਲ ਖੜ੍ਹਾਂਗੇ। ਉਹਨਾਂ ਕਿਹਾ ਕਿ ਮੇਰੀ ਤਰਜੀਹ ਹੈ ਕਿ ਹਰ ਪ੍ਰਭਾਵਿਤ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਅਤੇ ਕੋਈ ਵੀ ਕਿਸਾਨ ਆਪਣੇ ਆਪ ਨੂੰ ਬੇਸਹਾਰਾ ਨਾ ਸਮਝੇ।
ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਰਾਜ ਸਭਾ ਮੈਂਬਰ ਡਾ. ਸਾਹਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਵੱਡੀ ਉਦਾਰਤਾ ਦਿਖਾਉਂਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।