ਸਪੀਕਰ ਸੰਧਵਾਂ ਨੇ ਮ੍ਰਿਤਕ ਮਜ਼ਦੂਰ ਪੰਨਾ ਲਾਲ ਕੋਟਕਪੂਰਾ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਸੌਂਪੀ
ਚੰਡੀਗੜ੍ਹ 2 ਅਕਤੂਬਰ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਜ਼ਦੂਰ ਸ਼੍ਰੀ ਪੰਨਾ ਲਾਲ, ਕੋਟਕਪੂਰਾ ਦਾ ਰਹਿਣ ਵਾਲਾ ਸੀ ਜਿਸਦੀ ਉਸਾਰੀ ਦਾ ਕੰਮ ਕਰਦੇ ਸਮੇਂ ਇੱਕ ਹਾਦਸੇ ਕਾਰਨ ਮੌਤ ਹੋ ਗਈ ਸੀ ਅਤੇ ਉਹ ਕਿਰਤ ਵਿਭਾਗ ਪੰਜਾਬ ਦਾ ਰਜਿਸਟਰਡ ਲਾਭਪਾਤਰੀ ਵੀ ਸੀ। ਸਪੀਕਰ ਨੇ ਮ੍ਰਿਤਕ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ।
ਬੇਸ਼ੱਕ, ਮਨੁੱਖੀ ਜਾਨ ਦੀ ਕੀਮਤ ਕਿਸੇ ਵੀ ਰੂਪ ਵਿਚ ਅਦਾ ਨਹੀਂ ਕੀਤੀ ਜਾ ਸਕਦੀ, ਪਰ ਮਿਸਤਰੀ, ਤਰਖਾਣ, ਲੁਹਾਰ, ਇੱਟਾਂ ਦੇ ਭੱਠੇ ਦੇ ਕਾਮੇ, ਸੰਗਮਰਮਰ-ਟਾਈਲ ਫਿੱਟ ਕਰਨ ਵਾਲੇ, ਪਲੰਬਰ, ਇਲੈਕਟ੍ਰੀਸ਼ੀਅਨ, ਪੇਂਟਰ, ਪੀਓਪੀ ਵਰਕਰ, ਛੋਟੇ ਅਤੇ ਬੇ-ਜ਼ਮੀਨੇ ਕਿਸਾਨ ਅਤੇ ਹੋਰ ਮਜ਼ਦੂਰ ਜੋ ਉਸਾਰੀ ਦਾ ਕੰਮ ਕਰਦੇ ਹਨ, ਕਿਰਤ ਵਿਭਾਗ ਵਿੱਚ ਰਜਿਸਟ੍ਰੇਸ਼ਨ ਤੋਂ ਬਾਅਦ ਲਾਭਪਾਤਰੀ ਬਣ ਸਕਦੇ ਹਨ ਅਤੇ ਕਿਰਤ ਵਿਭਾਗ, ਪੰਜਾਬ ਦੁਆਰਾ ਚਲਾਈ ਜਾ ਰਹੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।
ਸਪੀਕਰ ਨੇ ਕਿਹਾ ਕਿ 18 ਤੋਂ 60 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਸਕੀਮ ਅਧੀਨ ਖੁਦ ਨੂੰ ਲਾਭਪਾਤਰੀ ਵਜੋਂ ਰਜਿਸਟਰ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਲਈ, ਕੋਟਕਪੂਰਾ ਦੇ ਸਾਰੇ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਸ ਦਾ ਸ਼ਡਿਊਲ ਜਲਦੀ ਹੀ ਸਾਂਝਾ ਕੀਤਾ ਜਾਵੇਗਾ।
ਇਸੇ ਤਰ੍ਹਾਂ ਲਾਭਪਾਤਰੀ ਬੱਚਿਆਂ ਦੀ ਸਿੱਖਿਆ ਲਈ ਚਲਾਈ ਜਾ ਰਹੀ ਸਕਾਲਰਸਿ਼ਪ ਸਕੀਮ, ਸ਼ਗਨ ਸਕੀਮ, ਜਣੇਪਾ ਲਾਭ ਸਕੀਮ, ਦੋ ਕੁੜੀਆਂ ਦੀ ਸੂਰਤ ਵਿੱਚ ਬਾਲੜੀ ਤੋਹਫ਼ਾ ਸਕੀਮ, ਲਾਭਪਾਤਰੀ ਦੀ ਮੌਤ ਹੋਣ ਦੀ ਸੂਰਤ ਵਿੱਚ 2 ਲੱਖ ਤੋਂ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਸਕੀਮ, ਸਸਕਾਰ ਲਈ 20,000 ਰੁਪਏ ਦੀ ਸਹਾਇਤਾ, ਜਨਰਲ ਸਰਜਰੀ ਲਈ ਨਿਸ਼ਚਿਤ ਰਕਮ ਸਕੀਮ, ਹੁਨਰ ਵਿਕਾਸ ਸਕੀਮ ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਵੀ ਲੈ ਸਕਦਾ ਹੈ।
ਪੰਜਾਬ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ, ਕੋਈ ਵੀ ਵਿਅਕਤੀ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ, ਕਿਰਤ ਇੰਸਪੈਕਟਰ ਜਾਂ ਸਪੀਕਰ ਦਫ਼ਤਰ ਕੋਟਕਪੂਰਾ ਦੇ ਨਜ਼ਦੀਕੀ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ।