Big News ਜੀਦਾ ਧਮਾਕੇ: ਜੁਰਮ ਕਬੂਲਣ ਮਗਰੋਂ ਕਾਨੂੰਨੀ ਸ਼ਿਕੰਜੇ ’ਚ ਉਲਝਿਆ ਕਾਨੂੰਨ ਦਾ ਪਾੜ੍ਹਾ ਗੁਰਪ੍ਰੀਤ
ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2025 : ਬਠਿੰਡਾ ਜਿਲ੍ਹੇ ਦੇ ਪਿੰਡ ਜੀਦਾ ਵਿੱਚ ਹੋਏ ਧਮਾਕਿਆਂ ਦੇ ਮਾਮਲੇ ’ਚ ਗ੍ਰਿਫਤਾਰ ਕਾਨੂੰਨ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜੀਦਾ ਨੇ ਅਦਾਲਤ ’ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜਮ ਗੁਰਪ੍ਰੀਤ ਨੇ ਅਦਾਲਤ ਨੂੰ ਦੱਸਿਆ ਹੈ ਕਿ ਧਮਾਕਾਖੇਜ਼ ਸਮੱਗਰੀ ਰਾਹੀਂ ਉਸ ਨੇ ਜੰਮੂ ਕਸ਼ਮੀਰ ਦੇ ਕਠੂਆ ’ਚ ਸਥਿਤ ਭਾਰਤੀ ਫੌਜ ਦੀ ਚੌਂਕੀ ਨੂੰ ਨਿਸ਼ਾਨਾ ਬਣਾਉਣਾ ਸੀ। ਉਸਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 2 ਕਿੱਲੋ ਦਾ ਬੰਬ 10 ਫੁੱਟ ਤੱਕ ਨੁਕਸਾਨ ਪਹੁੰਚਾਉਂਦਾ ਹੈ ਪਰ ਉਸ ਨੇ ਯੂਟਿਊਬ ਦੇਖਕੇ ਤਿੰਨ ਕਿੱਲੋਗ੍ਰਾਮ ਦਾ ਬੰਬ ਬਣਾਇਆ ਸੀ ਜੋ 20 ਤੋਂ 25 ਫੁੱਟ ਤੱਕ ਤਬਾਹੀ ਮਚਾਉਣ ਦੀ ਸਮਰੱਥਾ ਰੱਖਦਾ ਹੈ। ਗੁਰਪ੍ਰੀਤ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਬੰਬ ਲਈ ਕੈਮੀਕਲ ਉਸ ਨੇ ਆਨਲਾਈਨ ਮੰਗਵਾਏ ਸਨ। ਇਸ ਤੋਂ ਬਾਅਦ ਅਦਾਲਤ ਨੇ ਗੁਰਪ੍ਰੀਤ ਨੂੰ ਜੇਲ੍ਹ ਭੇਜ ਦਿੱਤਾ ਹੈ।
ਸੂਤਰ ਦੱਸਦੇ ਹਨ ਕਿ ਇਸ ਮਾਮਲੇ ’ਚ ਅਦਾਲਤ ਵਿੱਚ ਕੀਤੇ ਗਹੈ ਕਬੂਲਨਾਮੇ ਦੇ ਅਧਾਰ ’ਤੇ ਬਠਿੰਡਾ ਪੁਲਿਸ ਹੁਣ ਮੁਲਜਮ ਗੁਰਪ੍ਰੀਤ ਖਿਲਾਫ ਯੂਏਪੀਏ (ਅੱਤਵਾਦ ਵਿਰੋਧੀ ਕਾਨੂੰਨ) ਲਾਉਣ ਦੀ ਤਿਆਰੀ ਕਰ ਰਹੀ ਹੈ ਜੋਕਿ ਮੁਲਕ ਦਾ ਅਜਿਹੀਆਂ ਸਰਗਰਮੀਆਂ ਨੂੰ ਲੈਕੇ ਕਾਫੀ ਸਖਤ ਕਾਨੂੰਨ ਮੰਨਿਆ ਜਾਂਦਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਜੇਕਰ ਪੁਲਿਸ ਅਜਿਹਾ ਕਰਦੀ ਹੈ ਤਾਂ ਇਸ ਮਾਮਲੇ ਦੀ ਅਗਲੀ ਜਾਂਚ ਐਨਆਈਏ ਕੋਲ ਜਾਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪੁਲਿਸ ਸੂਤਰਾਂ ਅਨੁਸਾਰ ਗੁਰਪ੍ਰੀਤ ਸਿੰਘ ਯੂਟਿਊਬ ਤੇ ਅੱਤਵਾਦੀ ਜੱਥੇਬੰਦੀ ਲਸ਼ਕਰੇ ਤਾਇਬਾ ਦੇ ਪ੍ਰਮੁੱਖ ਮੌਲਾਨਾ ਮੌਸੂਦ ਅਜ਼ਹਰ ਅਤੇ ਕਈ ਗਰਮ ਖਿਆਲੀ ਅੱਤਵਾਦੀਆਂ ਦੀਆਂ ਵੀਡੀਓ ਦੇਖਦਾ ਸੀ ਜਿਸ ਸਬੰਧੀ ਬਠਿੰਡਾ ਪੁਲਿਸ ਪੁਸ਼ਟੀ ਵੀ ਕਰ ਚੁੱਕੀ ਹੈ। ਇੰਨ੍ਹਾਂ ਵੀਡੀਓਜ਼ ਤੋਂ ਪ੍ਰੇਰਿਤ ਹੋਕੇ ਹੀ ਗੁਰਪ੍ਰੀਤ ਨੇ ਆਨਲਾਈਨ ਪਲੇਟਫਾਰਮ ਰਾਹੀਂ ਕੈਮੀਕਲ ਮੰਗਵਾਏ ਸਨ ਜਿੰਨ੍ਹਾਂ ਨੂੰ ਮਿਲਾਕੇ ਉਹ ਬੰਬ ਤਿਆਰ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਪੁਲਿਸ ਜਦੋਂ ਗੁਰਪ੍ਰੀਤ ਸਿੰਘ ਨੂੰ ਉਸ ਦੇ ਘਰ ਲੈਕੇ ਗਈ ਸੀ ਤਾਂ ਉਸ ਨੇ ਕਿਹਾ ਸੀ ਕਿ ਉਸ ਨੂੰ ਇਸ ਸਭ ਦਾ ਕੋਈ ਅਫਸੋਸ ਨਹੀਂ ਹੈ। ਇਸ ਮੌਕੇ ਗੁਰਪ੍ਰੀਤ ਦੀ ਮਾਂ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਬੰਬ ਬਨਾਉਣ ਦੀ ਪ੍ਰਕਿਰਿਆ ਕੋਈ ਤਾਜੀ ਨਹੀਂ ਬਲਕਿ ਗੁਰਪ੍ਰੀਤ ਲੰਮੇਂ ਸਮੇਂ ਤੋਂ ਬੰਬ ਬਨਾਉਣ ਦੀ ਤਿਆਰੀ ਵਿੱਚ ਲੱਗਿਆ ਹੋਇਆ ਸੀ। ਜਦੋਂ ਮਾਂ ਬਾਪ ਇੱਕਲਿਆਂ ਕਮਰੇ ’ਚ ਬੈਠਕੇ ਲਗਾਤਾਰ ਘੰਟਿਆਂ ਤੱਕ ਮੋਬਾਇਲ ਫੋਨ ਤੇ ਲੱਗੇ ਰਹਿਣ ਕਾਰਨ ਸਵਾਲ ਕਰਦੇ ਤਾਂ ਗੁਰਪ੍ਰੀਤ ਖਾਦ ਤੇ ਤਜ਼ਰਬਾ ਕਰਨ ਸਬੰਧੀ ਕਹਿੰਦਾ ਸੀ। ਜੇਕਰ ਉਸ ਨੂੰ ਆਪਣੇ ਤਜ਼ਰਬੇ ’ਚ ਸਫਲਤਾ ਮਿਲ ਗਈ ਤਾਂ ਉਹ ਕਾਰੋਬਾਰ ਕਰਕੇ ਪੈਸੇ ਕਮਾਏਗਾ। ਇਸੇ ਦੌਰਾਨ ਜਦੋਂ ਉਹ 10 ਸਤੰਬਰ ਨੂੰ ਉਸਨੇ ਵਿਸਫੋਟਕ ਸਮਾਨ ਤਿਆਰ ਕਰ ਲਿਆ ਅਤੇ ਸੁੱਕਣ ਤੇ ਚਮਚੇ ਨਾਲ ਉਖਾੜਨ ਲੱਗਿਆ ਤਾਂ ਧਮਾਕਾ ਹੋ ਗਿਆ।
ਇਸ ਧਮਾਕੇ ਦੌਰਾਨ ਗੁਰਪ੍ਰੀਤ ਗੰਭੀਰ ਰੂਪ ’ਚ ਜਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਸੀ। ਇਸ ਮੌਕੇ ਗੁਰਪ੍ਰੀਤ ਨੇ ਜਖਮੀ ਹੋਣ ਦਾ ਕਾਰਨ ਮੋਬਾਇਲ ਫੋਨ ਫਟਣਾ ਦੱਸਿਆ ਸੀ ਪਰ ਜਦੋਂ ਡਾਕਟਰਾਂ ਨੂੰ ਮਾਮਲਾ ਸ਼ੱਕੀ ਜਾਪਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਦੋਂ ਵਾਰਦਾਤ ਦੀ ਪੜਚੋਲ ਕੀਤੀ ਗਈ ਤਾਂ ਇੱਕ ਵਾਰੀ ਪੁਲਿਸ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ ਸਨ। ਅਜੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਗੁਰਪ੍ਰੀਤ ਦੇ ਘਰ ’ਚ ਇੱਕ ਧਮਾਕੇ ਦੀ ਹੋਰ ਗੂੰਜ ਸੁਣਾਈ ਦਿੱਤੀ ਜਿਸ ’ਚ ਉਸ ਦਾ ਪਿਤਾ ਜਗਤਾਰ ਸਿੰਘ ਜਖਮੀ ਹੋ ਗਿਆ ਸੀ। ਧਮਾਕਾ ਮਾਮਲੇ ’ਚ ਹੁਣ ਤੱਕ ਗੁਰਪ੍ਰੀਤ ਤੋਂ ਐਨਆਈਏ, ਆਈਬੀ ਅਤੇ ਕਠੂਅ ਪੁਲਿਸ ਪੁੱਛਗਿਛ ਕਰ ਚੁੱਕੀ ਹੈ। ਇਹੋ ਹੀ ਨਹੀਂ ਗੁਰਪ੍ਰੀਤ ਦੇ ਘਰ ਵਿੱਚ ਖਿਲਰਿਆ ਵਿਸਫੋਟਕ ਸਮਾਨ ਨਸ਼ਟ ਕਰਨ ਲਈ ਦਿੱਲੀਓਂ ਭਾਰਤੀ ਫੌਜ ਦੇ ਮਾਹਿਰਾਂ ਨੂੰ ਸੱਦਣਾ ਪਿਆ ਸੀ।
ਫੌਜਦਾਰੀ ਮਾਮਲਿਆਂ ਦੇ ਮਾਹਿਰ ਐਡਵੋਕੇਟ ਐਮ ਐਮ ਬਹਿਲ ਦਾ ਕਹਿਣਾ ਸੀ ਕਿ ਯੂਏਪੀਏ ਭਾਰਤਾ ਦਾ ਅੱਤਵਾਦ ਵਿਰੋਧੀ ਕਾਨੂੰਨ ਹੈ ਜਿਸ ਨੂੰ ਬੀਐਨਐਸ ਦੀ ਧਾਰਾ 113 ਤਹਿਤ ਐਂਟੀ ਟੈਰੋਰਿਸਟ ਐਕਟ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ’ਚ ਮੁਲਕ ਦੀ ਪ੍ਰਭੂਸੱਤਾ, ਏਕਤਾ , ਆਖੰਡਤਾ ਅਤੇ ਸੁਰੱਖਿਆ ਨੂੰ ਖਤਰੇ ’ਚ ਪਾਉਣ ਵਾਲੀਆਂ ਗਤੀਵਿਧੀਆਂ ਗੰਭੀਰ ਅਪਰਾਧ ਮੰਨੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਵਿੱਚ ਜਮਾਨਤ ਮਿਲਣੀ ਵੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਇਸ ਤਹਿਤ ਦੋਸ਼ੀ ਨੂੰ ਲੰਮੇਂ ਸਮੇਂ ਤੱਕ ਹਿਰਾਸਤ ਵਿੱਚ ਰੱਖਣ ਦਾ ਪੁਲਿਸ ਨੂੰ ਅਧਿਕਾਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਤਹਿਤ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਸਮਾਂ ਹੱਦ ਵੀ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਅਹਿਮ ਹੈ ਕਿ ਦੋਸ਼ ਸਾਬਤ ਹੋਣ ਦੀ ਸੂਰਤ ’ਚ ਸੱਤ ਸਾਲ ਤੋਂ ਲੈਕੇ ਉਮਰ ਕੈਦ ਤੱਕ ਹੋ ਸਕਦੀ ਹੈ।
ਗੁਰਪ੍ਰੀਤ ਕੋਲ ਸੀ ਖਤਰਨਾਕ ਸਮਾਨ
ਪੁਲਿਸ ਸੂਤਰਾਂ ਅਨੁਸਾਰ ਗੁਰਪ੍ਰੀਤ ਕੋਲ ਜੋ ਧਮਾਕਾਖੇਜ਼ ਸਮੱਗਰੀ ਸੀ ਉਹ ਐਨੀ ਖਤਰਨਾਕ ਸੀ ਜੋਕਿ ਬੰਬ ਬਣਕੇ ਚੱਲਣ ਦੀ ਸੂਰਤ ’ਚ ਦੂਰ ਦੂਰ ਤੱਕ ਪਰਖਚੇ ਉਡਾ ਸਕਦੀ ਸੀ। ਇਹੋ ਕਾਰਨ ਹੈ ਕਿ ਇਸ ਸਮੱਗਰੀ ਨੂੰ ਨਸ਼ਟ ਕਰਨ ਲਈ ਲਗਾਤਾਰ 10 ਦਿਨ ਤੱਕ ਪੁਲਿਸ ਦੇ ਪਸੀਨੇ ਛੁੱਟੇ ਰਹੇ ਅਤੇ ਅੰਤ ਨੂੰ ਫੌਜ ਸੱਦਣੀ ਪਈ ਸੀ। ਸੂਤਰਾਂ ਅਨੁਸਾਰ ਪੁਲਿਸ ਨੇ ਗੁਰਪ੍ਰੀਤ ਤੋਂ ਇੱਕ ਵਿਸ਼ੇਸ਼ ਕਿਸਮ ਦੀ ਬੈਲਟ ਵੀ ਬਰਾਮਦ ਕੀਤੀ ਹੈ ਜਿਸ ਨੂੰ ਮਨੁੱਖੀ ਬੰਬ ਬਣਨ ਲਈ ਵਰਤਿਆ ਜਾਂਦਾ ਹੈ।