ਨਵੇਂ ਅਕਾਲੀ ਦਲ ਦੇ ਵਫਦ ਨੇ ਅਹਿਮ ਸਬੰਧਿਤ ਮੁੱਦਿਆਂ ਤੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਭਾਈ ਜਗਤਾਰ ਸਿੰਘ ਹਵਾਰਾ, ਭਾਈ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦਾ ਚੁੱਕਿਆ ਮੁੱਦਾ
ਚੰਡੀਗੜ-- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋ ਆਪਣੇ ਤਿੰਨ ਮੈਬਰੀ ਵਫ਼ਦ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸਾਂਸਦ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਅਤੇ ਸਰਦਾਰ ਗੁਰਜੀਤ ਸਿੰਘ ਤਲਵੰਡੀ ਵੱਲੋ ਅੱਜ ਪੰਜਾਬ ਰਾਜਭਵਨ ਵਿਖੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਗਈ।
ਪਾਰਟੀ ਵੱਲੋ ਵਫ਼ਦ ਦੇ ਰੂਪ ਵਿੱਚ ਪੰਜਾਬ ਰਾਜਪਾਲ ਨੂੰ ਦਿੱਤੇ ਮੈਮੋਰੰਡਮ ਵਿੱਚ ਪੰਥ ਅਤੇ ਪੰਜਾਬ ਨਾਲ ਸਬੰਧਿਤ ਮੁੱਦਿਆਂ ਤੇ ਪੰਜਾਬ ਰਾਜਪਾਲ ਨੂੰ ਧਿਆਨ ਦਿਵਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ।
ਵਫ਼ਦ ਦੇ ਰੂਪ ਵਿੱਚ ਦਿੱਤੇ ਮੈਮੋਰੰਡਮ ਵਿੱਚ ਮੰਗ ਕੀਤੀ ਗਈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪ੍ਰਭਾਵ ਨਾਲ ਪੈਰੋਲ ਦਿੱਤੀ ਜਾਵੇ । ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਤਬੀਅਤ ਬਹੁਤ ਜਿਆਦਾ ਨਾਸਾਜ਼ ਹੈ ਪਰ ਭਾਈ ਹਵਾਰਾ ਨੂੰ ਆਪਣੀ ਬਜ਼ੁਰਗ ਅਤੇ ਬਿਮਾਰ ਮਾਤਾ ਦੀ ਸੇਵਾ ਲਈ ਅਜੇ ਤੱਕ ਪੈਰੋਲ ਨਹੀਂ ਮਿਲੀ। ਇੱਕ ਪੁੱਤਰ ਨੂੰ ਆਪਣੀ ਮਾਤਾ ਦੀ ਨਾਜੁਕ ਹਾਲਤ ਵਿੱਚ ਸੇਵਾ ਤੋਂ ਵਾਂਝਾ ਰੱਖਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।ਦਿੱਤੇ ਗਏ ਮੈਮੋਰੈਂਡਮ ਵਿੱਚ ਹਵਾਰਾ ਪਿੰਡ ਦੀ ਪੰਚਾਇਤ ਕਮੇਟੀ ਦਾ ਮਤਾ ਵੀ ਪੇਸ਼ ਕੀਤਾ ਗਿਆ, ਜੋ ਪੈਰੋਲ ਸਮੇਂ ਦੀ ਪੂਰੀ ਜ਼ਿੰਮੇਵਾਰੀ ਲੈਣ ਦੀ ਰੂਪ ਵਿੱਚ ਪਾਸ ਕੀਤਾ ਗਿਆ ਮਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਵੀ ਭਾਈ ਹਵਾਰਾ ਨੂੰ ਤੁਰੰਤ ਪੈਰੋਲ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਭਾਈ ਹਵਾਰਾ ਆਪਣੀ ਬਿਰਧ ਮਾਤਾ ਦੀ ਸੇਵਾ ਕਰ ਸਕਣ।
ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਮੈਮੋਰੰਡਮ ਵਿਚ ਕਿਹਾ ਗਿਆ ਕਿ ਭਾਈ ਰਾਜੋਆਣਾ ਪਹਿਲਾਂ ਹੀ ਉਮਰ ਕੈਦ ਤੋਂ ਦੁੱਗਣੀ ਸਜ਼ਾ ਭੁਗਤ ਚੁੱਕੇ ਹਨ। ਹੁਣ ਓਹਨਾ ਨੂੰ ਹੋਰ ਕੈਦ ਵਿੱਚ ਰੱਖਣਾ ਬੇਇਨਸਾਫੀ ਹੈ। ਅਜਿਹੀ ਕਾਰਵਾਈ ਇਨਸਾਫ਼ ਦੇਣ ਵੱਲ ਵਧਣ ਦੀ ਬਜਾਏ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਹੋਰ ਗਹਿਰਾ ਕਰਦੀ ਹੈ। ਪਾਰਟੀ ਵਲੋ ਮੰਗ ਕੀਤੀ ਗਈ ਭਾਈ ਰਾਜੋਆਣਾ ਨੂੰ ਤੁੰਰਤ ਰਿਹਾਅ ਕੀਤਾ ਜਾਵੇ।
ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਵਿੱਚ ਪੰਜਾਬ ਰਾਜਪਾਲ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੀ ਆਮਦ ਤੇ
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਪਹਿਲਾਂ ਹੀ (ਚਿੱਠੀ ਨੰਬਰ 0005, ਮਿਤੀ 26 ਸਤੰਬਰ 2025) ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਵਿਸਥਾਰ ਨਾਲ ਭੇਜੀ ਗਈ ਹੈ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਦੇਸ਼ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਇਸ ਇਤਿਹਾਸਕ ਮੌਕੇ ’ਤੇ ਉਹਨਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਨਾ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ,ਬਹੁਤ ਹੀ ਉਚਿਤ ਤੇ ਸਕਰਾਤਮਕ ਕਦਮ ਹੋਵੇਗਾ। ਇਹ ਕਦਮ ਕੇਂਦਰ ਸਰਕਾਰ ਵੱਲੋਂ ਸਿੱਖ ਕੌਮ ਨਾਲ ਭਰੋਸਾ ਬਣਾਉਣ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਹੋਵੇਗਾ।
ਇਸ ਦੇ ਨਾਲ ਹੀ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਰਾਹਤ ਫੰਡਾਂ ’ਤੇ ਵ੍ਹਾਈਟ ਪੇਪਰ ਜਾਰੀ ਕਰੇ। ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਮਿਲੇ ਰਾਹਤ ਫੰਡਾਂ ਸਬੰਧੀ ਬਿਆਨਾਂ ਨੇ ਪੰਜਾਬ ਵਾਸੀਆਂ ਵਿੱਚ ਬੇਯਕੀਨੀ ਦਾ ਮਾਹੌਲ ਪੈਦਾ ਕੀਤਾ ਹੈ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵੱਡੀ ਰਕਮ ਅਜੇ ਬਾਕੀ ਹੈ, ਜਦਕਿ ਦਿੱਲੀ ਵਿੱਚ ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਵਿੱਚ ਕਿਹਾ ਕਿ ਪੂਰੇ ₹12,000 ਕਰੋੜ ਮਿਲ ਕੇ ਵਰਤੇ ਜਾ ਚੁੱਕੇ ਹਨ ਅਤੇ ਵਾਧੂ ₹1,600 ਕਰੋੜ ਵੀ ਮਿਲੇ ਹਨ। ਇਹ ਵਿਰੋਧੀ ਦਾਅਵੇ ਸਰਕਾਰ ਦੀ ਭਰੋਸੇਯੋਗਤਾ ਤੇ ਸਵਾਲ ਖੜੇ ਕਰਦੇ ਹਨ ਅਤੇ ਲੋਕਾਂ ਵਿੱਚ ਗੰਭੀਰ ਸਵਾਲ ਪੈਦਾ ਹੁੰਦੇ ਹਨ ਕਿ, ਫਿਰ ਇਹ ਫੰਡ ਕਿੱਥੇ ਵਰਤੇ ਗਏ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਇਕ ਵਿਸਥਾਰਿਤ ਵ੍ਹਾਈਟ ਪੇਪਰ ਜਾਰੀ ਕਰਕੇ ਵਰਤੀ ਗਈ ਰਕਮ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇ।
ਇਸ ਦੇ ਨਾਲ ਹੀ ਮੰਗ ਕੀਤੀ ਗਈ ਕਿ ਗੁਰ ਪੁਰਬ ਮਨਾਉਣ ਲਈ ਨਾਨਕਾਣਾ ਸਾਹਿਬ ਜਾਣ ਵਾਲੀ ਸੰਗਤ ਨੂੰ ਬਗੈਰ ਦੇਰੀ ਕੀਤੇ ਇਜਾਜ਼ਤ ਦਿੱਤੀ ਜਾਵੇ। ਓਹਨਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਹਾਲ ਹੀ ਦੇ ਟਕਰਾਅ ਤੋਂ ਬਾਅਦ ਭਾਰਤ-ਪਾਕਿਸਤਾਨ ਵਿੱਚ ਕ੍ਰਿਕਟ ਮੈਚ ਮੁੜ ਸ਼ੁਰੂ ਹੋ ਚੁੱਕੇ ਹਨ। ਜੇਕਰ ਭਾਰਤ ਪਾਕਿਸਤਾਨ ਟੀਮਾਂ ਵਿਚਾਲੇ ਲਗਾਤਾਰ ਤਿੰਨ ਕ੍ਰਿਕਟ ਮੈਚ ਹੋ ਸਕਦੇ ਹਨ ਤਾਂ ਫਿਰ ਇਸ ਸੰਦਰਭ ਵਿੱਚ ਸਿੱਖ ਯਾਤਰੀਆਂ ਨੂੰ ਆਪਣੇ ਪਵਿੱਤਰ ਸਥਾਨਾਂ ਦੀ ਯਾਤਰਾ ਲਈ ਸੁਰੱਖਿਅਤ ਰਾਹਦਾਰੀ ਕਿਉਂ ਨਹੀਂ ਮਿਲ ਸਕਦੀ। ਮੰਗ ਕੀਤੀ ਗਈ ਕਿ ਤੁਰੰਤ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਜਾਵੇ ਅਤੇ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਮਿਲੇ।