ਹਵਾਲਾਤੀ ਫਰਾਰ ਹੋਣ ਦੇ ਮਾਮਲੇ ’ਚ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰਡੈਂਟ ਤੇ ਡਿੱਗੀ ਗਾਜ
ਜੇਲ ਵਿਭਾਗ ਵੱਲੋਂ ਮੁਢਲੀ ਪੜਤਾਲ ਤੋਂ ਬਾਅਦ ਬਰਨਾਲਾ ਦੀ ਬਦਲੀ
ਅਸ਼ੋਕ ਵਰਮਾ
ਬਠਿੰਡਾ,1 ਅਕਤੂਬਰ 2025: ਕੇਂਦਰੀ ਜੇਲ੍ਹ ਬਠਿੰਡਾ ਚੋਂ ਲੰਘੇ ਸ਼ਨੀਵਾਰ ਨੂੰ ਹਵਾਲਾਤੀ ਤਿਲਕ ਰਾਜ ਦੇ ਰਹੱਸਮਈ ਢੰਗ ਨਾਲ ਫਰਾਰ ਹੋਣ ਦੇ ਮਾਮਲੇ ’ਚ ਜੇਲ੍ਹ ਵਿਭਾਗ ਪੰਜਾਬ ਨ ਮੁਢਲੇ ਤੌਰ ਤੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਸ਼ਿਵਰਾਜ ਦੀ ਬਰਨਾਲਾ ਜੇਲ੍ਹ ਦੀ ਬਦਲੀ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਬਰਨਾਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਹੇਮੰਤ ਸ਼ਰਮਾ ਨੂੰ ਬਠਿੰਡਾ ਜੇਲ੍ਹ ਦਾ ਸੁਪਰਡੈਂਟ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਜੇਲ੍ਹ ਵਿਭਾਗ ਨੇ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਪਰ ਸ਼ਿਵਰਾਜ ਸਿੰਘ ਦੀ ਬਦਲੀ ਨੂੰ ਤਿਲਕ ਰਾਜ ਦੀ ਫਰਾਰੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਕੇਂਦਰੀ ਜੇਲ੍ਹ ਬਠਿੰਡਾ ਨੂੰ ਉੱਚ ਸੁਰੱਖਿਆ ਵਾਲੀ ਜੇਲ੍ਹ ਮੰਨਿਆ ਜਾਂਦਾ ਹੈ ਜਿੱਥੇ ਇਸ ਵਕਤ ਤਕਰੀਬਨ ਪੰਜ ਦਰਜਨ ਖਤਰਨਾਕ ਗੈਂਗਸਟਰ ਬੰਦ ਹਨ ਜਦੋਂਕਿ ਹੋਰ ਸੰਗੀਨ ਜੁਰਮਾਂ ਵਾਲੇ ਅਪਰਾਧੀਆਂ ਦੀ ਗਿਣਤੀ ਵੀ ਕਾਫੀ ਵੱਡੀ ਹੈ ।
ਇਸ ਕਰਕੇ ਜੇਲ੍ਹ ਵਿਭਾਗ ਨੇ ਹਵਾਲਾਤੀ ਫਰਾਰ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਿਵਰਾਜ ਸਿੰਘ ਦੀ ਆਨ ਫਾਨਨ ’ਚ ਬਦਲੀ ਕੀਤੀ ਹੈ। ਗੌਰਤਲਬ ਹੈ ਕਿ ਹਵਾਲਾਤੀ ਤਿਲਕ ਰਾਜ 26 ਸਤੰਬਰ ਨੂੰ ਭੇਦ ਭਰੇ ਢੰਗ ਨਾਲ ਜੇਲ੍ਹ ਦੇ ਅੰਦਰੋਂ ਗਾਇਬ ਹੋ ਗਿਆ ਸੀ। ਦੋ ਦਿਨ ਤੱਕ ਜੇਲ੍ਹ ਪ੍ਰਸ਼ਾਸ਼ਨ ਤਿਲਕ ਰਾਜ ਨੂੰ ਤਲਾਸ਼ਣ ’ਚ ਜੁਟਿਆ ਰਿਹਾ ਪਰ ਜਦੋਂ ਸਫਲਤਾ ਹੱਥ ਨਾਂ ਲੱਗੀ ਤਾਂ 28 ਸਤੰਬਰ ਨੂੰ ਹਵਾਲਾਤੀ ਦੇ ਗਾਇਬ ਹੋਣ ਸਬੰਧੀ ਪੁਲਿਸ ਨੂੰ ਸ਼ਕਾਇਤ ਦਿੱਤੀ ਸੀ। ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈਂਦਿਆਂ ਜੇਲ੍ਹ ਵਿਭਾਂਗ ਨੇ ਮੁਢਲੇ ਤੌਰ ਤੇ ਜੇਲ੍ਹ ਸੁਪਰਡੰਟ ਦਾ ਤਬਾਦਲਾ ਕਰ ਦਿੱਤਾ ਹੈ। ਓਧਰ ਬਠਿੰਡਾ ਪੁਲਿਸ ਦੀਆਂ ਟੀਮਾਂ ਤਿਲਕ ਰਾਜ ਦੀ ਤਲਾਸ਼ ’ਚ ਵੱਖ ਵੱਖ ਥਾਵਾਂ ਦੀ ਖਾਕ ਛਾਣਦੀਆਂ ਫਿਰ ਰਹੀਆਂ ਹਨ ਪਰ ਉਸ ਦਾ ਕੋਈ ਥੁਹੁ ਪਤਾ ਨਹੀਂ ਲੱਗਿਆ ਹੈ।