PU Elections: ਵੋਟਿੰਗ ਤੋਂ ਪਹਿਲਾਂ ABVP-SOI ਗਠਜੋੜ
Ravi Jakhu
ਚੰਡੀਗੜ੍ਹ, 30 ਅਗਸਤ 2026- ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ (PUCSC) ਚੋਣਾਂ ਵਿੱਚ ਵੋਟਿੰਗ ਤੋਂ ਠੀਕ ਇਕ ਦਿਨ ਪਹਿਲਾਂ ਵਿਦਿਆਰਥੀ ਸਿਆਸਤ ਵਿੱਚ ਵੱਡਾ ਫੇਰਬਦਲ ਸਾਹਮਣੇ ਆਇਆ ਹੈ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਨੇ ਚੋਣਾਂ ਲਈ ਗਠਜੋੜ ਕਰਨ ਦਾ ਐਲਾਨ ਕੀਤਾ ਹੈ। ਦੋਵਾਂ ਸੰਗਠਨਾਂ ਵਿਚਕਾਰ ਹੋਏ ਇਸ ਸਮਝੌਤੇ ਨਾਲ ਚੋਣ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਹੈ।
SOI ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਸਿੱਧੇ ਤੌਰ ’ਤੇ ਚੋਣ ਮੈਦਾਨ ਵਿੱਚ ਨਹੀਂ ਹੈ। ਸੰਗਠਨ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਬਣਾਏ ਗਏ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਯੋਗਤਾ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। SOI ਨੇ ਨਾਮਜ਼ਦਗੀ ਰੱਦ ਕੀਤੇ ਜਾਣ ਦਾ ਵਿਰੋਧ ਕਰਦਿਆਂ ਡੀਐੱਸਡਬਲਿਊ ਦਫ਼ਤਰ ਅਤੇ ਗੇਟ ਨੰਬਰ-2 ’ਤੇ ਪ੍ਰਦਰਸ਼ਨ ਵੀ ਕੀਤਾ ਸੀ।
ਹੁਣ ABVP ਨਾਲ ਗਠਜੋੜ ਤੋਂ ਬਾਅਦ SOI ਵੱਲੋਂ ਆਪਣੇ ਸਮਰਥਕਾਂ ਅਤੇ ਵੋਟ ਬੈਂਕ ਨੂੰ ABVP ਦੇ ਹੱਕ ਵਿੱਚ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੋਣ ਤੋਂ ਮਹਿਜ਼ ਇਕ ਦਿਨ ਪਹਿਲਾਂ ਹੋਏ ਇਸ ਗਠਜੋੜ ਨੂੰ ABVP ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਗਠਜੋੜ ਨਾਲ ਹੋਰ ਵਿਦਿਆਰਥੀ ਸੰਗਠਨਾਂ ਸਾਹਮਣੇ ਵੀ ਵੋਟਾਂ ਦੇ ਸਮੀਕਰਨ ਨੂੰ ਲੈ ਕੇ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਹੁਣ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਹੈ ਕਿ ABVP-SOI ਗਠਜੋੜ ਚੋਣ ਨਤੀਜਿਆਂ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੈ?
- Download Babushahi App
-
-