ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ ਕਰਵਾਇਆ
ਸਮਾਗਮ ਵਿੱਚ ਸੱਤ ਪੁਸਤਕਾਂ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ, 30 ਅਗਸਤ 2026 :ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਿਖੇ ਰਾਮ ਸਰੂਪ ਅਣਖੀ ਦੀ ਯਾਦ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ ਕਰਵਾਇਆ ਗਿਆ। ਸ੍ਰੀ ਬਿਰਜ ਲਾਲ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਵੱਲੋਂ ਰਾਮ ਸਰੂਪ ਅਣਖੀ ਦੇ ਜੀਵਨ ਅਤੇ ਉਹਨਾਂ ਦੀ ਸਾਹਿਤਕ ਦੇਣ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਵੱਡੇ ਦਰੱਖਤ ਹੇਠ ਕੋਈ ਹੋਰ ਰੁੱਖ ਨਹੀਂ ਉਗਦਾ ਪਰ ਅਣਖੀ ਨੇ ਲੇਖਕਾਂ ਦੀ ਇਕ ਟਕਸਾਲ ਪੈਦਾ ਕੀਂਤੀ।
ਡਾ.ਭੁਪਿੰਦਰ ਸਿੰਘ ਬੇਦੀ ਵੱਲੋਂ ਇਟਲੀ ਫੇਰੀ ਸਬੰਧੀ ਆਪਣੇ ਅਨੁਭਵ ਲੇਖਕਾਂ ਅਤੇ ਪਾਠਕਾਂ ਨਾਲ ਸਾਂਝੇ ਕੀਤੇ ਡਾ. ਬੇਦੀ ਨੇ ਇਟਲੀ ਦੇ ਸੱਭਿਆਚਾਰ ਸਮਾਜ ਧਾਰਮਿਕ ਆਸਥਾ ਅਤੇ ਜਿਊਣ ਸ਼ੈਲੀ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਪੇਸ਼ ਕੀਤਾ। ਉਨ੍ਹਾ ਕਿਹਾ ਕਿ ਉੱਥੇ ਗਏ ਲੋਕਾਂ ਨੇ ਆਪਣੇ ਯਤਨਾਂ ਸਦਕਾ ਦੂਜੀ ਸੰਸਾਰ ਜੰਗ ਦੇ ਸਿੱਖ ਰੈਜੀਮੈਂਟ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਹਨ।ਉਥੋਂ ਦੇ ਲੋਕ ਜ਼ਿੰਦਗੀ ਜਿਉਂਦੇ ਹਨ ਢੋਂਦੇ ਨਹੀਂ।ਸਮਾਗਮ ਦੇ ਦੂਸਰੇ ਪੜਾਅ ਵਿੱਚ ਪਵਨ ਗਿੱਲਾਂ ਵਾਲਾ ਦੇ ਕਾਵਿ ਸੰਗ੍ਰਹਿ ਕਾਲੇ ਅੱਖਰਾਂ ਦਾ ਚਾਨਣ ਅਤੇ ਕਣੀਆਂ ਦੀ ਗੁਫ਼ਤਗੂ ਰਾਮ ਮੂਰਤ ਸਿੰਘ ਵਰਮਾ ਦੀ ਬਾਲ ਪੁਸਤਕ ਬਾਲਵਾੜੀ ਅਤੇ
ਬੁੱਧਬਾਣੀ, ਰਮਨ ਧਾਲੀਵਾਲ ਦੇ ਕਾਵਿ ਸੰਗ੍ਰਹਿ ਚੁੱਪ ਦੀ ਜ਼ੁਬਾਨ, ਪ੍ਰੋ ਸਵਰਨਜੀਤ ਕੌਰ ਦੇ ਕਾਵਿ ਸੰਗ੍ਰਹਿ ਫੁੱਲਾਂ ਤੋਂ ਹੌਲਾ ਅਤੇ ਅਵਤਾਰ ਸਿੰਘ ਸਿੱਧੂ ਦੇ ਕਾਵ ਸੰਗ੍ਰਹਿ ਦਿਲ ਦੇ ਅਲਫਾਜ਼ ਦਾ ਲੋਕ ਅਰਪਣ ਕੀਤਾ ਗਿਆ।ਰਾਮ ਮੂਰਤ ਵਰਮਾ ਦੀਆਂ ਪੁਸਤਕਾਂ ਬਾਲਵਾੜੀ ਤੇ ਬੁੱਧਬਾਣੀ ਬਾਰੇ ਰਾਮ ਸਰੂਪ ਸ਼ਰਮਾਂ ਨੇ ਜਾਣ ਪਛਾਣ ਕਰਵਾਂਉਦੇ ਦੱਸਿਆ ਕਿ ਵਰਮਾ ਨੇ ਸਫਰਨਾਮਾ ਤੇ ਕੋਸ਼ਕਾਰੀ ਤੋਂ ਬਾਅਦ ਬੱਚਿਆ ਲਈ ਇਹ ਪੁਸਤਕਾਂ ਲਿਖੀਆਂ ਹਨ।ਡਾ.ਜਸਵੀਰ ਸਿੰਘ ਔਲਖ ਨੇ ਆਪਣੇ ਗੁਰੂ ਰਾਮ ਮੂਰਤ ਵਰਮਾ ਬਾਰੇ ਕਿਹਾ ਕਿ ਇਹ ਮੇਰੇ ਗੁਰੂ ਜੀ ਹਨ ਜੋ ਹਮੇਸ਼ਾ ਹੀ ਅਗਾਂਹ ਵਧੂ ਸੋਚ ਦੇ ਧਾਰਨੀ ਰਹੇ ਹਨ।
ਰਮਨ ਧਾਲੀਵਾਲ ਦੀ ਪੁਸਤਕ ਚੁੱਪ ਦੀ ਜ਼ੁਬਾਨ ਬਾਰੇ ਡਾ.ਸੰਪੂਰਨ ਸਿੰਘ ਟੱਲਵਾਲੀਆ ਨੇ ਕਿਹਾ ਕਿ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਬਿਰਹਾਂ ਦੀ ਚੀਸ ਸਾਫ ਝਲਕਦੀ ਹੈ ਰਮਨ ਧਾਲੀਵਾਲ ਇੱਕ ਪ੍ਰੋੜ ਕਵਿਤਰੀ ਦੇ ਤੌਰ ਤੇ ਸਾਡੇ ਸਾਹਮਣੇ ਉਭਰ ਕੇ ਆਈ ਹੈ ਭਵਿੱਖ ਵਿੱਚ ਉਸ ਤੋਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ।ਸਵਰਨਜੀਤ ਕੌਰ ਦੀ ਪੁਸਤਕ ਬਾਰੇ ਡਾ ਰਾਮਪਾਲ ਨੇ ਦੱਸਿਆ ਕਿ ਇਹ ਕਵਿਤਾ ਕੋਮਲ ਅਹਿਸਾਸ, ਮੁਹੱਬਤ ਅਤੇ ਦਿਲ ਦੇ ਵਲਵਲੇ ਪੇਸ਼ ਕਰਦੀ ਕਵਿਤਾ ਹੈ।ਪਵਨ ਗਿੱਲਾਂ ਵਾਲਾ ਦੀ ਪੁਸਤਕ ਕਣੀਆਂ ਦੀ ਗੁਫਤਗੂ ਬਾਰੇ ਡਾ.ਸੁਰਿੰਦਰ ਭੱਠਲ ਨੇ ਕਿਹਾ ਕਿ ਇਹ ਕਵਿਤਾ ਕੇਵਲ ਪ੍ਰਵਾਸ ਦੀ ਨਾ ਹੋ ਕੇ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੀ ਹੈ।ਅਵਤਾਰ ਸਿੰਘ ਸਿੱਧੂ ਦੀ ਕਾਵਿ ਪੁਸਤਕ ਬਾਰੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਅਵਤਾਰ ਦੀ ਕਵਿਤਾ ਸੰਵੇਦਨਸ਼ੀਲ ਅਤੇ ਸਮਾਜਿਕ ਯਥਾਰਥ ਦੇ ਨੇੜੇ ਹੈ।
ਇਹਨਾਂ ਤੋਂ ਇਲਾਵਾ ਸਭਾ ਦੇ ਜਨਰਲ ਸਕੱਤਰ ਕਹਾਣੀਕਾਰ ਪਵਨ ਪਰਿੰਦਾ ਭੋਲਾ ਸਿੰਘ ਸੰਘੇੜਾ ਤਰਸੇਮ ਲਛਮਣ ਦਾਸ ਮੁਸਾਫਰ ਡਾ ਉਜਾਗਰ ਸਿੰਘ ਮਾਨ ਜਗਤਾਰ ਸਿੰਘ ਕੱਟੂ ਡਾ ਤਰਸਪਾਲ ਕੌਰ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਮੰਚ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ ਨੇ ਬਾਖੂਬੀ ਕੀਤਾ ।ਉਪਰੰਤ ਹੋਏਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਰਾਮ ਸਰੂਪ ਸ਼ਰਮਾ ਅਰਪਿਤ ਕੌਰ ਚੌਹਾਨ ਰਾਮ ਸਿੰਘ ਬੀਹਲਾ ਮੇਜਰ ਸਿੰਘ ਸਹੌਰ,ਪ੍ਰੋ ਗਗਨਦੀਪ ਭੱਠਲ ਸਿੰਦਰ ਧੌਲਾ ਰਘਬੀਰ ਸਿੰਘ ਗਿੱਲ ਕੱਟੂ ਹਾਕਮ ਸਿੰਘ ਰੂੜੇਕੇ ਐਸ ਐਸ ਗਿੱਲ ਸੁਦਰਸ਼ਨ ਗੁੱਡੂ ਪਰਮਜੀਤ ਸਿੰਘ ਰਾਜਗੜ੍ਹ ਤੋਂ ਇਲਾਵਾ ਬਹੁਤ ਸਾਰੇ ਕਵੀਆਂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਭਾਰਤੀ ਮਨਜਿੰਦਰ ਸਿੰਘ ਔਲਖ ਗੁਰਨੈਬ ਸਿੰਘ ਬਟੂਹਾ ਅਤੇ ਵੱਡੀ ਗਿਣਤੀ ਸਾਹਿਤ ਪ੍ਰੇਮੀ ਹਾਜ਼ਰ ਸਨ।
- Download Babushahi App
-
-