ਚਿੱਟੇ ਦੀ ਓਵਰਡੋਜ਼ ਨਾਲ 25 ਸਾਲਾ ਨੌਜਵਾਨ ਦੀ ਮੌਤ
ਪੁਲਿਸ ਕਾਰਵਾਈ ਸਿਰਫ਼ ਖਾਨਾਪੂਰਤੀ ਤੱਕ ਸੀਮਤ; ਪਿੰਡਾਂ ਦੇ ਮੋਹਤਬਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 29 ਅਗਸਤ 2026 :
ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਨ ਅਧੀਨ ਪੈਂਦੇ ਪਿੰਡ ਬੁੱਢਾ ਬਾਲਾ ਵਿਖੇ ਨਸ਼ੇ ਦੇ ਦੈਤ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। 25 ਸਾਲਾ ਨੌਜਵਾਨ ਬਚਿੱਤਰ ਸਿੰਘ ਪੁੱਤਰ ਸਵਰਨ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਸਵਰਨ ਸਿੰਘ ਨੇ ਹੱਡ-ਬੀਤੀ ਸੁਣਾਉਂਦਿਆਂ ਦੱਸਿਆ ਕਿ ਸਵੇਰੇ ਲਗਭਗ 8-9 ਵਜੇ ਦੇ ਕਰੀਬ ਉਸ ਦੇ ਪੁੱਤਰ ਨੇ ਨਸ਼ੇ ਦੀ ਓਵਰਡੋਜ਼ ਲਈ, ਜਿਸ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਦੇ ਮੋਹਤਬਰਾਂ ਦਾ ਗੁੱਸਾ ਫੁੱਟ ਪਿਆ। ਪਿੰਡ ਬੁੱਢਾ ਬਾਲਾ ਦੇ ਸਰਪੰਚ ਮੁਖਤਿਆਰ ਸਿੰਘ, ਨੰਬਰਦਾਰ ਦਲੀਪ ਸਿੰਘ ਨੂੰਨ ਬਰਕਤ, ਪਿੰਡ ਮੁੰਨਣ ਦੇ ਸਰਪੰਚ ਨਰਿੰਦਰ ਸਿੰਘ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਔਲਖ ਸਮੇਤ ਵੱਡੀ ਗਿਣਤੀ 'ਚ ਇੱਕਠੇ ਹੋਏ ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਬੁੱਢਾ ਬਾਲਾ ਪੂਰੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਦਾ ਮੁੱਖ 'ਹੱਬ' ਬਣ ਚੁੱਕਾ ਹੈ। ਇੱਥੇ ਬਹੁਤ ਹੀ ਘੱਟ ਰੇਟਾਂ 'ਤੇ ਜਾਨਲੇਵਾ ਕੈਮੀਕਲ ਪਦਾਰਥ ਚਿੱਟਾ ਚਿੱਟੇ ਦੇ ਰੂਪ ਵਿੱਚ ਵੇਚਿਆ ਜਾ ਰਿਹਾ ਹੈ, ਜਿਸ ਨੂੰ ਲੈਣ ਲਈ ਦੂਰ-ਦੂਰ ਤੋਂ ਨੌਜਵਾਨ ਪਹੁੰਚਦੇ ਹਨ। ਉਹਨਾਂ ਦੱਸਿਆ ਕਿ ਨਸ਼ਾ ਰੋਕਣ ਲਈ ਪੰਚਾਇਤੀ ਮਤੇ ਪਾਏ, ਲੋਕਾਂ ਨੂੰ ਸੋਹਾਂ ਚੁਕਾਈਆਂ ਅਤੇ ਰਾਤਾਂ ਨੂੰ ਠੀਕਰੀ ਪਹਿਰੇ ਵੀ ਲਗਾਏ। ਪਰ ਨਸ਼ਾ ਸਮੱਗਲਰ ਇੰਨੇ ਬੇਖੌਫ਼ ਹਨ ਕਿ ਉਹ ਗੰਨੇ ਦੇ ਖੇਤਾਂ ਅਤੇ ਗੁਪਤ ਰਸਤਿਆਂ ਦੀ ਵਰਤੋਂ ਕਰਕੇ ਨਸ਼ੇ ਦੀ ਸਪਲਾਈ ਕਰ ਰਹੇ ਹਨ। ਮੋਹਤਬਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਰ-ਬਾਰ ਸੂਚਨਾ ਦੇਣ ਦੇ ਬਾਵਜੂਦ ਵੀ ਵੱਡੇ ਤਸਕਰਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਪੁਲਿਸ ਸਿਰਫ਼ ਖਾਨਾਪੂਰਤੀ ਕਰਦਿਆਂ ਛੋਟੇ-ਮੋਟੇ ਅਮਲੀਆਂ 'ਤੇ ਮਾਮੂਲੀ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੰਦੀ ਹੈ, ਜਿਨ੍ਹਾਂ ਦੀ ਅਗਲੇ ਹੀ ਦਿਨ ਜ਼ਮਾਨਤ ਹੋ ਜਾਂਦੀ ਹੈ। ਮੋਹਤਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵੱਡੇ ਨਸ਼ਾ ਸੌਦਾਗਰਾਂ ਨੂੰ ਤੁਰੰਤ ਸਲਾਖਾਂ ਪਿੱਛੇ ਨਾ ਧੱਕਿਆ ਗਿਆ, ਤਾਂ ਇਲਾਕੇ ਦੇ ਹੋਰ ਕਈ ਨੌਜਵਾਨ ਇਸ ਨਸ਼ੇ ਦੀ ਭੇਟ ਚੜ੍ਹ ਜਾਣਗੇ। ਉਨ੍ਹਾਂ ਨੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਵਿਰੁੱਧ ਇੱਕਮੁੱਠ ਹੋਣ ਦੀ ਅਪੀਲ ਕੀਤੀ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਤੀਰਥ ਰਾਮ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਮ੍ਰਿਤਕ ਨਸ਼ੇ ਦਾ ਆਦੀ ਸੀ ਅਤੇ ਮੌਤ ਓਵਰਡੋਜ਼ ਕਾਰਨ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨ ਮੁਤਾਬਕ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-