ਕੁਦਰਤ ਨਾਲ ਛੇੜਛਾੜ ਸਮਾਜ ਲਈ ਮਹਿੰਗੀ, ਹਿਮਾਲਿਆ ਪਰਬਤ ਦੀ ਸੰਭਾਲ ਪਹਿਲੀ ਤਰਜੀਹ ਹੋਵੇ: ਭੁਪਾਲ
ਅਸ਼ੋਕ ਵਰਮਾ
ਬਠਿੰਡਾ, 30 ਅਗਸਤ 2026 :ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਸੁਖਦੇਵ ਸਿੰਘ ਭੁਪਾਲ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਇੱਕ ਸਾਂਝੇ ਬਿਆਨ ਵਿੱਚ ਹਾਲ ਹੀ ਵਿੱਚ ਆਈ ਨੇਪਾਲ ਹੜ੍ਹ ਤ੍ਰਾਸਦੀ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਹਨਾਂ ਇਸ ਦੌਰਾਨ ਮਾਰੇ ਗਏ ਅਤੇ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਹਨਾਂ ਇਸ ਨੂੰ ਵਿਕਾਸ ਦੇ ਨਾਂ 'ਤੇ ਕੁਦਰਤ ਨਾਲ ਕੀਤੀ ਜਾ ਰਹੀ ਗੰਭੀਰ ਛੇੜਛਾੜ ਦਾ ਨਤੀਜਾ ਕਰਾਰ ਦਿੱਤਾ।
ਦੋਵਾਂ ਆਗੂਆਂ ਨੇ ਕਾਰਪੋਰੇਟ ਪੂੰਜੀਵਾਦੀ ਵਿਕਾਸ ਏਜੰਡੇ ਨੂੰ ਦੁਨੀਆ ਦੇ ਤੀਜੇ "ਤਾਜ਼ੇ ਪਾਣੀ ਦੇ ਧਰੁਵ", ਭਾਵ ਹਿਮਾਲਿਆ ਪਰਬਤ ਲੜੀ ਵਾਸਤੇ ਸਭ ਤੋਂ ਵੱਡਾ ਖ਼ਤਰਾ ਦੱਸਿਆ। ਇਸ ਮਾਡਲ ਦੇ ਨਤੀਜੇ ਵਜੋਂ ਵਧ ਰਹੀ ਆਲਮੀ ਤਪਸ਼, ਹਿਮਾਲਿਆ ਦੇ ਗਲੇਸ਼ੀਅਰਾਂ ਨੂੰ ਪਿਘਲਾ ਕੇ ਬਨਾਉਟੀ ਝੀਲਾਂ ਵਿੱਚ ਬਦਲ ਰਹੀ ਹੈ। ਨਾਸਾ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 7500 ਤੋਂ ਵੱਧ "ਗਲੇਸ਼ੀਅਰ ਬਨਾਉਟੀ ਝੀਲਾਂ" ਦੀ ਮੈਪਿੰਗ ਕੀਤੀ ਹੈ, ਜਿਸ ਵਿੱਚੋਂ ਕਈ ਝੀਲਾਂ ਦੇ ਟੁੱਟਣ ਦਾ ਖ਼ਤਰਾ ਵਧ ਗਿਆ ਹੈ। ਕਸ਼ਮੀਰ ਦੇ ਉੱਚੇ ਪਰਬਤਾਂ ਵਿੱਚ ਮੌਜੂਦ ਸੈਕੜੇ ਬਨਾਉਟੀ ਝੀਲਾਂ ਵਿੱਚੋਂ 5 ਅਜਿਹੀਆਂ ਝੀਲਾਂ ਦੀ ਪਛਾਣ ਹੋਈ ਹੈ, ਜੋ ਕਿਸੇ ਵੀ ਸਮੇਂ ਟੁੱਟ ਸਕਦੀਆਂ ਹਨ।
ਉਹਨਾਂ ਕਿਹਾ ਕਿ ਇਹ ਝੀਲਾਂ ਗਾਂਦਰਬਲ ਜ਼ਿਲ੍ਹੇ ਅਤੇ ਉਸਦੇ ਹੇਠਲੇ ਇਲਾਕਿਆਂ ਵਿੱਚ ਨੇਪਾਲ ਵਰਗੀ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਦੀ ਸਥਿੱਤੀ ਵੀ ਕਸ਼ਮੀਰ ਵਰਗੀ ਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੌਜੂਦ ਬਨਾਉਟੀ ਝੀਲਾਂ ਦੀ ਗਿਣਤੀ ਵਿੱਚ 1990 ਤੋਂ 2024 ਦੇ ਦਰਮਿਆਨ ਪੰਜ ਗੁਣਾ ਵਾਧਾ ਹੋਇਆ ਹੈ। 1990 ਵਿੱਚ 107 ਝੀਲਾਂ ਦੀ ਪਛਾਣ ਹੋਈ ਸੀ, ਜਦਕਿ 2024 ਵਿੱਚ ਇਹਨਾਂ ਦੀ ਗਿਣਤੀ ਵਧ ਕੇ 669 ਹੋ ਗਈ। ਇਹਨਾਂ ਵਿੱਚੋਂ 9 ਬਨਾਉਟੀ ਝੀਲਾਂ ਦੇ ਟੁੱਟਣ ਦੀ ਸੰਭਾਵਨਾ "ਬਹੁਤ ਵੱਧ" ਦੱਸੀ ਜਾ ਰਹੀ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਦੇ ਨਾਲ-ਨਾਲ, ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਆ ਸਕਦੀ ਹੈ।
ਇੱਥੇ ਇਹ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਕਤੂਬਰ, 2023 ਵਿੱਚ ਉੱਤਰੀ ਸਿੱਕਿਮ ਵਿੱਚ ਇੱਕ ਗਲੇਸ਼ੀਅਰ ਬਨਾਉਟੀ ਝੀਲ ਦੇ ਟੁੱਟਣ ਨਾਲ ਤੀਸਤਾ ਨਦੀ ਵਿੱਚ ਆਏ ਅਚਨਚੇਤ ਹੜ੍ਹਾਂ ਕਾਰਨ 100 ਦੇ ਲੱਗਭਗ ਲੋਕਾਂ ਦੀ ਮੌਤ ਦੇ ਨਾਲ-ਨਾਲ 15 ਪੁਲ ਅਤੇ ਇੱਕ ਡੈਮ ਕੁਝ ਹੀ ਪਲਾਂ ਵਿੱਚ ਤਬਾਹ ਹੋ ਗਏ। ਇਹ ਹੜ੍ਹ ਇੰਨੀ ਤੇਜ਼ੀ ਨਾਲ ਆਏ ਕਿ ਕਿਸੇ ਨੂੰ ਕੁਝ ਵੀ ਕਰਨ ਜਾਂ ਕੋਈ ਚੇਤਾਵਨੀ ਜਾਰੀ ਕਰਨ ਦਾ ਮੌਕਾ ਨਹੀਂ ਮਿਲਿਆ। ਦੋਵਾਂ ਆਗੂਆਂ ਨੇ ਹਿਮਾਲਿਆ ਪਰਬਤ ਲੜੀ ਦੇ ਸਾਰੇ ਮੁਲਕਾਂ ਦੇ ਲੋਕਾਂ, ਖ਼ਾਸ ਕਰਕੇ, ਭਾਰਤ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ ਦੇ ਅਸਰਾਂ ਨੂੰ ਸਮਝਦੇ ਹੋਏ ਇਸ ਦੇ ਕਾਰਨ ਕਾਰਪੋਰੇਟ ਪੂੰਜੀਵਾਦੀ ਵਿਕਾਸ ਮਾਡਲ ਨੂੰ ਕੁਦਰਤ-ਪੱਖੀ ਅਤੇ ਮਨੁੱਖ-ਪੱਖੀ ਮਾਡਲ ਵਿੱਚ ਤਬਦੀਲ ਕਰਨ ਲਈ ਚੱਲ ਰਹੀ ਲੋਕ ਲਹਿਰ ਦਾ ਹਿੱਸਾ ਬਣਨ।
- Download Babushahi App
-
-