Crime Special ਬਠਿੰਡਾ ਪੁਲਿਸ ਨੇ ਬੇਖੌਫ ਬਦਮਾਸ਼ਾਂ , ਠੱਗਾਂ ਅਤੇ ਲੁਟੇਰਿਆਂ ਅੱਗੇ ਗੋਡੇ ਟੇਕੇ
ਅਸ਼ੋਕ ਵਰਮਾ
ਬਠਿੰਡਾ , 29 ਅਗਸਤ 2026 : ਬਠਿੰਡਾ ਹੁਣ ਬਦਮਾਸ਼ਾਂ ਅਤੇ ਠੱਗਾਂ ਦੀ ਮਾਰ ਹੇਠ ਆ ਗਿਆ ਹੈ ਪਰ ਪੁਲਿਸ ਇੰਨ੍ਹਾਂ ਅਪਰਾਧੀਆਂ ਅੱਗੇ ਬੇਵੱਸ ਹੋਈ ਪਈ ਹੈ। ਬਠਿੰਡਾ ’ਚ ਚੋਰੀਆਂ ਚਕਾਰੀਆਂ ਅਤੇ ਲੁੱਟ ਦੀਆਂ ਔਸਤਨ ਰੋਜ਼ਾਨਾ ਤਿੰਨ ਵਾਰਦਾਤਾਂ ਹੁੰਦੀਆਂ ਹਨ । ਜਦੋਂ ਤੋਂ ਬਠਿੰਡਾ ਵੀਆਈਪੀ. ਬਣਿਆ ਹੈ, ਉਦੋਂ ਤੋਂ ਆਮ ਲੋਕਾਂ ਦੇ ਜਾਨ ਮਾਲ ਦਾ ਰੱਬ ਹੀ ਰਾਖਾ ਹੈ। ਜ਼ਿਲ੍ਹਾ ਪੁਲੀਸ ਦੀ ਕਾਫੀ ਨਫਰੀ ਤਾਂ ਸ਼ਹਿਰ ਦੇ ਸਿਆਸੀ ਆਗੂਆਂ ਦੀ ਰਾਖੀ ’ਤੇ ਲੱਗੀ ਹੋਈ ਹੈ। ਬਠਿੰਡਾ ਵਿੱਚ ਔਰਤਾਂ ਨੂੰ ਝਪਟਮਾਰਾਂ ਦਾ ਕਹਿਰ ਝੱਲਣਾ ਪੈ ਰਿਹਾ ਹੈ। ਸ਼ਹਿਰ ਵਿੱਚ ਔਰਤਾਂ ਦਾ ਇਕੱਲੇ ਸੜਕ ’ਤੇ ਤੁਰਨਾ ਮੁਹਾਲ ਹੋ ਗਿਆ ਹੈ। ਹੋਰ ਤਾਂ ਹੋਰ ਸ਼ਹਿਰ ’ਚ ਕਾਰੋਬਾਰੀ ਵੀ ਸੁਰੱਖਿਅਤ ਨਹੀਂ ਰਹਿ ਗਏ ਹਨ। ਬਠਿੰਡਾ ਦੇ ਕਿੱਕਰ ਬਜਾਰ ’ਚ ਔਰਤ ਨੂੰ ਠੱਗਣ ਦਾ ਸਾਹਮਣੇ ਆਇਆ ਹੈ ਜਿਸ ਨੂੰ ਕੋਈ ਹਿਪਨੋਟਾਈਜ਼ ਦਾ ਮਾਮਲਾ ਦੱਸ ਰਿਹਾ ਹੈ ਜਦੋਂਕਿ ਕੁੱਝ ਚਲਾਕੀ ਆਖਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਲੰਘੀ 27 ਅਗਸਤ ਨੂੰ ਕਿੱਕਰ ਬਜ਼ਾਰ ਦੀ ਦੁਕਾਨ ’ਤੇ ਭਗਵੇ ਕੱਪੜਿਆਂ ਵਾਲਾ ਸਾਧੂਨੁਮਾ ਵਿਅਕਤੀ ਆਇਆ ਜਿਸ ਨੇ ਨਮਰਤਾ ਗਰਗ ਨਾਮੀ ਔਰਤ ਨੂੰ ਆਪਣੇ ਜਾਲ ’ਚ ਉਲਝਾ ਲਿਆ ਅਤੇ ਪੈਸੇ ਤੇ ਪੁਖਰਾਜ ਦੇ ਨਗ ਵਾਲੀ ਸੋਨੇ ਦੀ ਮੁੰਦਰੀ ਠੱਗ ਲਈ। ਇਸੇ ਤਰਾਂ 24 ਅਗਸਤ ਨੂੰ ਕਿਲਾ ਰੋਡ ’ਤੇ ਸੈਰ ਕਰ ਰਹੇ ਇੱਕ ਬਜ਼ੁਰਗ ਨੂੰ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਆਏ 3 ਬਦਮਾਸ਼ਾਂ ਨੇ ਨਿਸ਼ਾਨਾ ਬਣਾਉਂਦਿਆਂ ਘੇਰਕੇ ਉਸ ਦੀ ਬੁਰੀ ਤਰਾਂ ਕੁੱਟ ਮਾਰ ਕੀਤੀ। ਸੀਸੀਟੀਵੀ ਦੀ ਫੁਟੇਜ ਦੇਖਕੇ ਬਜ਼ੁਰਗ ਦੇ ਪ੍ਰੀਵਾਰਕ ਮੈਂਬਰਾਂ ਨੇ ਪਿੱਛਾ ਕਰਕੇ ਇੱਕ ਬਦਮਾਸ਼ ਨੂੰ ਦਬੋਚ ਲਿਆ ਜਦੋਂਕਿ ਬਾਕੀ ਦੋ ਫਰਾਰ ਹੋ ਗਏ। ਇਸੇ ਦਿਨ ਹੀ ਅਮਰੀਕ ਸਿੰਘ ਰੋਡ ’ਤੇ ਮਧੂਬਨ ਸਟਰੀਟ ਲਾਗੇ ਬਦਮਾਸ਼ਾਂ ਨੇ ਆਪਣੀ ਧੀ ਦੇ ਘਰੋਂ ਆ ਵਾਪਿਸ ਰਹੀ ਪ੍ਰਤਾਪ ਨਗਰ ਨਿਵਾਸੀ ਮੰਜੂ ਦੇਵੀ ਤੋਂ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ।
ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ’ਚ ਮੋਟਰਸਾਈਕਲ ਦਾ ਨੰਬਰ ਅਤੇ ਬਦਮਾਸ਼ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਹੈ ਪਰ ਪੁਲਿਸ ਅਜੇ ਤੱਕ ਕਿਸੇ ਨਤੀਜੇ ’ਤੇ ਨਹੀਂ ਪੁੱਜ ਸਕੀ ਹੈ। ਰੇਲਵੇ ਸਟੇਸ਼ਨ ਤੋਂ ਬੱਸ ਅੱਡੇ ਜਾਣ ਵਾਲੇ ਸੁਨੀਲ ਕੁਮਾਰ ਵਾਸੀ ਬਿਹਾਰ ਨੂੰ ਈਰਿਕਸ਼ਾ ਨੇ ਹੀ ਲੁੱਟ ਲਿਆ । ਸੁਨੀਲ ਬਠਿੰਡਾ ਦੇ ਬੱਸ ਅੱਡੇ ਜਾਣ ਲਈ ਈਰਿਕਸ਼ਾ ’ਤੇ ਬੈਠਾ ਸੀ ਜਿਸ ਨੂੰ ਸੁਨਸਾਨ ਜਗ੍ਹਾ ’ਤੇ ਲਿਜਾਕੇ ਹਜ਼ਾਰ ਰੁਪਏ ਤੇ ਮੋਬਾਇਲ ਫੋਨ ਖੋਹ ਲਿਆ ਅਤੇ ਭੱਜ ਗਿਆ। ਪੁਲਿਸ ਨੇ ਈਰਿਕਸ਼ਾ ਚਾਲਕ ਅਕਾਸ਼ ਅਰੋੜਾ ਵਾਸੀ ਗੋਪਾਲ ਨਗਰ ਨੂੰ ਗ੍ਰਿਫਤਾਰ ਕੀਤਾ ਹੈ। ਏਦਾਂ ਹੀ 27 ਅਗਸਤ ਨੂੰ ਗਣੇਸ਼ਾ ਬਸਤੀ ਗਲੀ ਨੰਬਰ 10 ’ਚ ਸਬਜ਼ੀ ਖਰੀਦਕੇ ਪੈਦਲ ਘਰ ਆ ਰਹੇ ਬਜ਼ੁਰਗ ਤੋਂ ਬਦਮਾਸ਼ਾਂ ਨੇ ਧੱਕਾਮੁੱਕੀ ਕਰਕੇ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਪੁਲਿਸ ਦਾ ਦਾਅਵਾ ਹੈ ਕਿ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਧੋਬੀ ਬਜ਼ਾਰ ’ਚ 26 ਅਗਸਤ ਨੂੰ ਦੁਪਹਿਰ ਕਰੀਬ ਡੇਢ ਵਜੇ ਖਰੀਦਦਾਰੀ ਕਰਨ ਆਈ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਅਤੇ ਪਰਸ ਖੋਹਕੇ ਫਰਾਰ ਹੋ ਗਏ। ਦੱਸ ਦੇਈਏ ਕਿ ਧੋਬੀ ਬਜ਼ਾਰ ਸ਼ਹਿਰ ਦਾ ਮੁੱਖ ਵਪਾਰਿਕ ਕੇਂਦਰ ਹੈ ਜਿੱਥੇ ਹਰ ਭਾਰੀ ਭੀੜ ਰਹਿੰਦੀ ਹੈ। ਇਸ ਦੇ ਬਾਵਜੂਦ ਬੇਖੌਫ ਬਦਮਾਸ਼ਾਂ ਨੇ ਦਿਨ ਦਿਹਾੜੇ ਪੁਲਿਸ ਸੁਰੱਖਿਆ ਨੂੂੰ ਠੇਂਗਾ ਦਿਖਾਉਂਦਿਆਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੀੜਤਾ ਵੱਲੋਂ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਅਜੇ ਤੱਕ ਲੁਟੇਰਿਆਂ ਤੱਕ ਪਹੁੰਚ ਨਹੀਂ ਸਕੀ ਹੈ। ਲੰਘੀ 21 ਅਗਸਤ ਨੂੰ ਬਦਮਾਸ਼ਾਂ ਨੇ ਰੇਲਵੇ ਕਲੋਨੀ ’ਚ ਡਿਊਟੀ ਖਤਮ ਕਰਕੇ ਵਾਪਿਸ ਪਰਤ ਰਹੇ ਸਹਾਇਕ ਲੋਕੋ ਪਾਇਲਟ ਸੰਦੀਪ ਕੁਮਾਰ ਮੀਣਾ ’ਤੇ ਤਿੰਨ ਬਦਮਾਸ਼ਾਂ ਨੇ ਲੁੱਟ ਦੀ ਨੀਅਤ ਨਾਲ ਜਕਾਤਲਾਨਾ ਹਮਲਾ ਕਰ ਦਿੱਤਾ ਜਿਸ ਕਾਰਨ ਉਸਦਾ ਕੰਨ ਵੱਢਿਆ ਗਿਆ ਅਤੇ ਹਸਪਤਾਲ ’ਚ ਸੰਦੀਪ ਦਾ ਆਪਰੇਸ਼ਨ ਕਰਨਾ ਪਿਆ। ਇਸ ਵਾਰਦਾਤ ਦੇ ਦੋਸ਼ੀ ਵੀ ਹਾਲੇ ਤੱਕ ਫੜੇ ਨਹੀਂ ਜਾ ਸਕੇ ਹਨ।
ਅਗਲੀ ਘਟਨਾ 22 ਅਗਸਤ ਸਵੇਰ ਵਕਤ ਦੀ ਹੈ ਜਦੋਂ ਕਰੀਬ 5 ਵਜੇ ਪਰਸ ਰਾਮ ਨਗਰ ਅੰਡਰਬਰਿੱਜ ਕੋਲ ਲੁਟੇਰਿਆਂ ਨੇ ਇੱਕ ਮਿਹਨਤਕਸ਼ ਵਿਅਕਤੀ ਓਮ ਪ੍ਰਕਾਸ਼ ਨੂੰ ਨਿਸ਼ਾਨ ਬਣਾਇਆ ਜੋ ਆਪਣੀ ਸਾਈਕਲ ’ਤੇ ਸੰਤਪੁਰਾ ਰੋਡ ’ਤੇ ਸਥਿਤ ਟਰਾਲੀ ਯੂਨੀਅਨ ਜਾ ਰਿਹਾ ਸੀ। ਇਸ ਮੌਕੇ 3 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਡਰਾਉਣ ਧਮਕਾਉਣ ਤੋਂ ਬਾਅਦ ਉਸ ਦੀ ਜੇਬ ਚੋਂ 13 ਹਜ਼ਾਰ ਰੁਪਏ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਪੀੜਤ ਵੱਲੋਂ ਇਹ ਪੈਸੇ ਬੈਂਕ ਵਿੱਚ ਜਮਾਂ ਕਰਵਾਏ ਜਾਣੇ ਸਨ ਪਰ ਵਾਰਦਾਤ ਕਾਰਨ ਇਲਾਕੇ ’ਚ ਹੁਣ ਵੀ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਪੁਲਿਸ ਆਖਦੀ ਹੈ ਕਿ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸ਼ਹਿਰ ’ਚ ਰੋਜਾਨਾ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਿਸ ਸਿਰਫ ਇੱਕ ਬਦਮਾਸ਼ਾਂ ’ਤੇ ਸ਼ਿਕੰਜਾ ਕਸਣ ’ਚ ਸਫਲ ਹੋਈ ਹੈ।
ਪੁਲਿਸ ਲਗਾਤਾਰ ਯਤਨਸ਼ੀਲ : ਐਸਪੀ ਸਿਟੀ
ਐਸਪੀ ਸਿਟੀ ਆਸ਼ਵੰਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਪੁਲਿਸ ਲਗਾਤਾਰ ਕਾਰਵਾਈ ਕਰਨ ’ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਹਿਲਾਂ ਵੀ ਤੇਜੀ ਨਾਲ ਵਾਰਦਾਤਾਂ ਨੂੰ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ ਹੈ ਅਤੇ ਜਲਦੀ ਹੀ ਬਾਕੀ ਮਾਮਲਿਆਂ ਨੂੰ ਵੀ ਹੱਲ ਕਰ ਲਿਆ ਜਾਏਗਾ।
- Download Babushahi App
-
-